ਪੱਤਰ ਪ੍ਰਰੇਰਕ, ਗੁਰੂਹਰਸਹਾਏ : ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਭਾਰਤ ਦੇ ਸੱਦੇ 'ਤੇ ਬਿਜਲੀ ਸੋਧ ਬਿੱਲ 2020 ਦੇ ਵਿਰੋਧ ਵਿਚ ਗੁਰੂਹਰਸਹਾਏ ਦੇ ਗੇਟ 'ਤੇ ਰੋਸ ਰੈਲੀ ਕੀਤੀ ਗਈ। ਇਸ ਰੈਲੀ ਵਿਚ ਕੇਂਦਰ ਦੀ ਮੋਦੀ ਸਰਕਾਰ ਦੇ ਵਿਰੁੱਧ ਨਾਅਰੇਬਾਜ਼ੀ ਹੋਈ। ਇਸ ਰੋਸ ਰੈਲੀ ਦੀ ਪ੍ਰਧਾਨਗੀ ਸਾਥੀ ਰਵਿੰਦਰ ਸਿੰਘ ਸ਼ਹਿਰੀ ਪ੍ਰਧਾਨ ਨੇ ਕੀਤੀ। ਇਸ ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਿੰਗਾਰ ਚੰਦ ਸਰਕਲ ਸਕੱਤਰ ਫਿਰੋਜ਼ਪੁਰ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੀ ਆੜ ਹੇਠ ਕੇਂਦਰ ਦੀ ਸਰਕਾਰ ਨੇ ਬਿਜਲੀ ਸੋਧ ਬਿੱਲ 2020 ਪਾਰਲੀਮੈਂਟ ਵਿਚ ਪੇਸ਼ ਕਰਕੇ ਬਿਜਲੀ ਦਾ ਪੂਰਨ ਨਿੱਜੀਕਰਨ ਕਰਨ ਦਾ ਰਾਹ ਪੱਧਰਾ ਕਰਨ ਰਹੀ ਹੈ, ਜਿਸ ਨਾਲ ਬਿਜਲੀ ਹੋਰ ਮਹਿੰਗੀ ਹੋ ਜਾਵੇਗੀ। ਸਸਤੀ ਬਿਜਲੀ ਪੈਦਾ ਕਰਨ ਵਾਲੇ ਥਰਮਲ ਪਲਾਂਟ ਸਰਕਾਰ ਬੰਦ ਕਰ ਰਹੀ ਹੈ, ਕਿਸਾਨੀ ਨਾਲ ਸਬੰਧਤ 3 ਆਰਡੀਨੈਂਸ ਪਾਸ ਕਰਕੇ ਕਿਸਾਨੀ ਦਾ ਬੇੜਾ ਹੀ ਗ਼ਰਕ ਕਰ ਦਿੱਤਾ ਹੈ। ਕਿਸਾਨਾਂ ਦਾ ਉਜਾੜਾ ਕਰਨ ਜਾ ਰਹੀ ਹੈ ਅਤੇ ਮਲਟੀਨੇਸ਼ਨ ਕੰਪਨੀਆਂ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਹੈ ਕਿ ਜਿੰਨਾ ਮਰਜ਼ੀ ਗਰੀਬ ਲੋਕਾਂ ਨੂੰ ਲੁੱਟਣ। ਇੱਕ ਨਵੇਂ ਫੈਸਲੇ ਰਾਹੀਂ ਰੇਲਵੇ ਮਹਿਕਮੇ ਨੂੰ ਵੀ ਪੂਰਨ ਨਿੱਜੀਕਰਨ ਕਰਨ ਜਾ ਰਹੀ ਹੈ। ਜੁਆਇੰਟ ਫੋਰਮ ਪੰਜਾਬ ਵੱਲੋਂ ਆਏ ਫੈਸਲਿਆਂ ਤਹਿਤ ਸੰਘਰਸ਼ ਤਿੱਖਾ ਕਰਨ ਦਾ ਫ਼ੈਸਲਾ ਕਰ ਲਿਆ ਹੈ। ਜਿਸ ਤਹਿਤ 2 ਜੁਲਾਈ 2020 ਤੋਂ 31 ਜੁਲਾਈ 2020 ਤੱਕ ਵਰਕ ਟੂ ਰੂਲ ਮੁਤਾਬਿਕ ਕੰਮ ਕਰਨਗੇ। ਪਾਵਰਕਾਮ ਅਤੇ ਟਰਾਂਸਕੋ ਦੀ ਮੈਨੇਜਮੈਂਟ ਦੇ ਇਸੇ ਸਮੇਂ ਦਰਮਿਆਨ ਹੀ ਕਾਲੇ ਝੰਡਿਆਂ ਨਾਲ ਵਿਖਾਵੇ ਕਰਨਗੇ। ਇਸ ਰੈਲੀ ਨੂੰ ਹੋਰਨਾਂ ਤੋਂ ਇਲਾਵਾ ਕਰਤਾਰ ਸਿੰਘ, ਬਲਕਾਰ ਸਿੰਘ, ਬਲਵੀਰ ਕੁਮਾਰ, ਨਾਨਕ ਚੰਦ, ਪਰਮਿੰਦਰ ਕੁਮਾਰ, ਇੰਜ਼. ਸੁਖਦੇਵ ਸਿੰਘ, ਸੁਰਿੰਦਰ ਕੁਮਾਰ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਆਗੂ ਨਰੇਸ਼ ਸੇਠੀ, ਬਲਵਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ ਅਤੇ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿਤੀ ਜੇ ਫਿਰ ਵੀ ਮੰਗਾਂ ਲਾਗੂ ਨਾ ਕੀਤੀਆਂ ਤਾਂ ਸੰਘਰਸ਼ ਹੋਰ ਤੇਜ਼ ਕੀਤਾ ਜਾਵੇਗਾ, ਜਿਸ ਦੀ ਜ਼ਿੰਮੇਵਾਰੀ ਸਰਕਾਰ ਦੀ ਹੋਵੇਗੀ।