ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ

ਡਿਪਟੀ ਕਮਿਸ਼ਨਰ ਅਰਵਿੰਦ ਪਾਲ ਸਿੰਘ ਸੰਧੂ ਨੇ ਕੋਵਿਡ 19 ਦੇ ਫੈਲਾਅ ਨੂੰ ਰੋਕਣ ਲਈ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਨਾਲ ਅਹਿਮ ਮੀਟਿੰਗ ਕੀਤੀ। ਉਨ੍ਹਾਂ ਜ਼ਿਲ੍ਹਾ ਪੱਧਰ 'ਤੇ ਪੁਲਿਸ ਅਤੇ ਸਿਵਲ ਅਧਿਕਾਰੀਆਂ ਦੀਆਂ ਬਤੌਰ ਸੈਕਟਰ ਅਫਸਰ ਨਿਯੁਕਤ 11 ਟੀਮਾਂ ਨੂੰ ਜ਼ਿਲ੍ਹੇ ਅੰਦਰ ਆਉਣ ਜਾਣ ਵਾਲੇ ਹਰੇਕ ਵਿਅਕਤੀ ਦੀ ਗਤੀਵਿਧੀ 'ਤੇ ਨਜ਼ਰ ਰੱਖਣ ਦੇ ਆਦੇਸ਼ ਜਾਰੀ ਕੀਤੇ। ਉਨ੍ਹਾਂ ਕਿਹਾ ਕਿ ਹਰੇਕ ਸੈਕਟਰ ਅਫ਼ਸਰ ਆਪਣੇ ਪੱਧਰ 'ਤੇ ਬਾਹਰੋ ਆਉਣ ਵਾਲੇ ਵਿਅਕਤੀ ਦੀ ਸੂਚਨਾ ਮਿਲਦੇ ਹੀ ਤੁਰੰਤ ਸਿਹਤ ਟੀਮਾਂ ਨਾਲ ਤਾਲਮੇਲ ਕਰਕੇ ਸਬੰਧਤ ਵਿਅਕਤੀ ਦਾ ਟੈਸਟ ਅਤੇ ਕੋਵਾ ਐਪ ਡਾਊਨਲੋਡ ਕਰਵਾਉਣਾ ਯਕੀਨੀ ਬਣਾਵੇ। ਉਨ੍ਹਾਂ ਕਿਹਾ ਕਿ ਡਿਊਟੀ ਦੇ ਨਾਲ ਸਾਡੀ ਸਮਾਜ ਪ੍ਰਤੀ ਨੈਤਿਕ ਜਿੰਮੇਵਾਰੀ ਵੀ ਬਣਦੀ ਹੈ ਕਿ ਅਜਿਹੇ ਸੰਕਟ ਦੇ ਸਮੇਂ ਵੱਧ ਚੜ੍ਹ ਕੇ ਬਣਦਾ ਸਹਿਯੋਗ ਕਰੀਏ। ਸੰਧੂ ਨੇ ਕਿਹਾ ਕਿ ਘਰਾਂ ਅੰਦਰ ਇਕਾਂਤਵਾਸ 'ਚ ਰਹਿ ਰਹੇ ਵਿਅਕਤੀ ਦੇ ਘਰ ਦੇ ਬਾਹਰ ਸਟੀਕਰ ਲਾਜ਼ਮੀ ਲਗਾਇਆ ਜਾਵੇ। ਉਨ੍ਹਾਂ ਕਿਹਾ ਘਰ ਇਕਾਂਤਵਾਸ ਦੀ ਉਲੰਘਣਾ ਕਰਨ ਵਾਲੇ ਵਿਅਕਤੀ ਨੂੰ 2 ਹਜ਼ਾਰ ਰੁਪਏ ਜੁਰਮਾਨਾ ਕਰਨ ਦੇ ਨਾਲ ਨਾਲ ਉਸ ਵਿਰੁੱਧ ਐਫ਼.ਆਈ.ਆਰ. ਦਰਜ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਜਨਤਕ ਥਾਂ ਤੇ ਮਾਸਕ ਨਹੀ ਪਾਉਂਦਾ ਤਾਂ 500 ਰੁਪਏ ਅਤੇ ਜਨਤਕ ਥਾਂ 'ਤੇ ਥੁੱਕਣ ਵਾਲੇ ਨੂੰ ਵੀ 500 ਰੁਪਏ ਜੁਰਮਾਨਾ ਕੀਤਾ ਜਾਵੇ। ਉਨ੍ਹਾਂ ਦੱਸਿਆ ਕਿ ਨਾਇਬ ਤਹਿਸੀਲਦਾਰ, ਬੀ.ਡੀ.ਪੀ.ਓ, ਏ.ਐਸ.ਆਈ ਤੇ ਇਸ ਅਹੁੱਦੇ ਤੋਂ ਉੱਤੇ ਸਮੂਹ ਅਧਿਕਾਰੀ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਤੋਂ ਐਪੀਡੈਮਿਕ ਡਿਜ਼ੀਜ਼ ਐਕਟ 1897 ਦੇ ਨਿਯਮਾਂ ਤਹਿਤ ਜੁਰਮਾਨਾ ਵਸੂਲ ਸਕਦੇ ਹਨ।

ਉਨ੍ਹਾਂ ਸਮੂਹ ਕਾਰਜ ਸਾਧਕ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਆਲੇ ਦੁਆਲੇ ਸਫ਼ਾਈ ਪ੍ਰਕਿਰਿਆ ਨੂੰ ਕੋਵਿਡ 19 ਦੇ ਸੰਕਟ ਦੇ ਨਾਲ ਨਾਲ ਡੇਂਗੂ, ਚਿਕਨਗੁਣੀਆ ਦੇ ਬਚਾਅ ਲਈ ਹੋਰ ਜ਼ਿਆਦਾ ਬਿਹਤਰ ਬਣਾਇਆ ਜਾਵੇ। ਉਨ੍ਹਾਂ ਕਿਹਾ ਕਿ ਅਗਾਮੀ ਬਰਸਾਤੀ ਮੌਸਮ ਤੋਂ ਪਹਿਲਾ ਸੀਵਰੇਜ਼ ਸਿਸਟਮ ਦੀ ਸਫ਼ਾਈ ਵਿਵਸਥਾ ਦੇ ਕੰਮ ਨੂੰ ਮੁਕੰਮਲ ਕੀਤਾ ਜਾਵੇ, ਤਾਂ ਜੋ ਗੰਦਗੀ ਕਾਰਣ ਸ਼ਹਿਰ ਵਾਸੀਆਂ ਨੂੰ ਕੋਈ ਪਰੇਸ਼ਾਨੀ ਪੇਸ਼ ਨਾ ਆਵੇ।

ਇਸ ਮੌਕੇ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਹਰਜੀਤ ਸਿੰਘ ਨੇ ਸਮੂਹ ਪਿੁਲਸ ਅਧਿਕਾਰੀਆਂ ਨੂੰ ਰਾਜ ਸਰਕਾਰ ਵੱਲੋਂ ਪ੍ਰਰਾਪਤ ਦਿਸ਼ਾ ਨਿਰਦੇਸ਼ਾਂ ਨੂੰ ਜ਼ਿਲ੍ਹੇ ਅੰਦਰ ਇੰਨ ਬਿੰਨ ਲਾਗੂ ਕਰਨ ਦੇ ਆਦੇਸ ਦਿੱਤੇ। ਉਨ੍ਹਾਂ ਕਿਹਾ ਕਿ ਮਾਸਕ ਨਾ ਪਾਉਣ ਅਤੇ ਸਾਮਾਜਿਕ ਦੂਰੀ ਦੀ ਪਾਲਣਾ ਨਾ ਕਰਨ ਜਾਂ ਜਨਤਕ ਥਾਵਾਂ ਤੇ ਥੁੱਕਣ ਵਾਲਿਆ ਦੇ ਚਾਲਾਨ ਕਰਕੇ ਜ਼ੁਰਮਾਨਾ ਵਸੂਲਿਆ ਜਾਵੇ। ਉਨ੍ਹਾਂ ਹਰੇਕ ਵਰਗ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਆਪਣੀ ਅਤੇ ਦੂਜਿਆਂ ਦੀ ਸਿਹਤ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਆਰਪੀ ਸਿੰਘ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨਵਲ ਰਾਮ, ਐੱਸਡੀਐੱਮ ਫਾਜ਼ਿਲਕਾ ਕੇਸ਼ਵ ਗੋਇਲ, ਐੱਸਡੀਐੱਮ ਜਲਾਲਾਬਾਦ ਸੁਭਾਸ਼ ਖੱਟਕ, ਐੱਸਡੀਐੱਮ ਅਬਹੋਰ ਜਸਪਾਲ ਸਿੰਘ ਬਰਾੜ, ਕਾਰਜ ਸਾਧਕ ਅਫ਼ਸਰ ਫਾਜ਼ਿਲਕਾ ਰਜਨੀਸ਼ ਕੁਮਾਰ, ਸਿਵਲ ਸਰਜਨ ਡਾ. ਚੰਦਰ ਮੋਹਨ ਕਟਾਰੀਆ ਅਤੇ ਹੋਰ ਸਿਵਲ ਅਤੇ ਪੁਲਿਸ ਅਧਿਕਾਰੀ ਹਾਜ਼ਰ ਸਨ।