ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸਿਹਤ ਵਿਭਾਗ ਫਿਰੋਜ਼ਪੁਰ ਵੱਲੋਂ ਹੁਣ ਤੱਕ ਕੁਲ 3064 ਸੈਂਪਲ ਲਏ ਗਏ ਸਨ, ਜਿਸ ਵਿਚੋਂ 2811 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜਦੋਂ ਕਿ 118 ਸੈਂਪਲਾਂ ਦੀ ਰਿਪੋਰਟ ਲੈਬੋਰੇਟਰੀ ਵਿਚ ਪੈਂਡਿੰਗ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਫਿਰੋਜ਼ਪੁਰ ਡਾ. ਨਵਦੀਪ ਸਿੰਘ ਨੇ ਦੱਸਿਆ ਕਿ ਸੈਂਪਲ ਟੈਸਟਿੰਗ ਲਈ ਇਕ ਵਿਆਪਕ ਮੁਹਿੰਮ ਸ਼ੁਰੂ ਕੀਤੀ ਗਈ ਸੀ, ਜਿਸ ਵਿਚ ਕੁਲ 3064 ਸੈਂਪਲ ਇਕੱਠੇ ਕੀਤੇ ਗਏ ਸਨ। ਹਾਸਲ ਹੋਏ ਨਤੀਜਿਆਂ ਦੇ ਮੁਤਾਬਿਕ 2811 ਸੈਂਪਲਾਂ ਦੀ ਰਿਪੋਰਟ ਨੈਗੇਟਿਵ ਆਈ ਹੈ। ਇਨ੍ਹਾਂ ਸੈਂਪਲਾਂ ਵਿਚੋਂ ਕੁੱਲ 92 ਸੈਂਪਲ ਰਪੀਟ ਕੀਤੇ ਗਏ ਹਨ। ਹੁਣ ਤੱਕ ਜ਼ਿਲ੍ਹੇ ਵਿਚ ਕੁਲ 43 ਪਾਜਿਟਿਵ ਮਰੀਜ਼ ਪਾਏ ਗਏ ਸਨ, ਜਿਨ੍ਹਾਂ ਨੂੰ ਸਿਵਲ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਇਲਾਜ ਤੋਂ ਬਾਅਦ ਤੰਦਰੁਸਤ ਹੋਣ ਤੇ ਛੁੱਟੀ ਦੇ ਦਿੱਤੀ ਗਈ ਹੈ। ਫਿਲਹਾਲ ਹਸਪਤਾਲ ਵਿਚ ਇਕ ਵੀ ਪਾਜੇਟਿਵ ਕੇਸ ਨਹੀਂ ਹੈ। ਕੁਝ ਸੈਂਪਲਾਂ ਨੂੰ ਦੁਬਾਰਾ ਭੇਜਿਆ ਗਿਆ ਹੈ। ਉਨ੍ਹਾਂ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਇਸ ਸੰਕਟ ਦੀ ਇਸ ਘੜੀ ਵਿਚ ਘਬਰਾਉਣ ਦੀ ਲੋੜ ਨਹੀਂ ਹੈ, ਕਿਉਂਕਿ ਪ੍ਰਸ਼ਾਸਨ ਵੱਲੋਂ ਇਸ ਜੰਗ ਨੂੰ ਜਿੱਤਣ ਲਈ ਸਾਰੇ ਜ਼ਰੂਰੀ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਲੋਕ ਕੋਰੋਨਾ ਵਾਇਰਸ ਦੇ ਖਿਲਾਫ ਇਸ ਲੜਾਈ ਨੂੰ ਕੁਝ ਨਿਯਮ ਅਪਣਾ ਕੇ ਜਿੱਤ ਸਕਦੇ ਹੈ, ਜਿਸ ਵਿਚ ਸਮਾਜਿਕ ਦੂਰੀ, ਬਿਨ੍ਹਾ ਕੰਮ ਤੋਂ ਬਾਹਰਨਾ ਨਿਕਲ਼ਣਾ ਅਤੇ ਸਫ਼ਾਈ ਬਣਾਈ ਰੱਖਣਾ ਸ਼ਾਮਲ ਹੈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸਮਾਜਿਕ ਦੂਰੀ ਬਣਾ ਕੇ ਰੱਖੀ ਜਾਵੇ ਅਤੇ ਮਾਸਕ ਦੀ ਵਰਤੋਂ ਕੀਤੀ ਜਾਵੇ।