ਹਰਦੀਪ ਮਦਾਨ,ਜਲਾਲਾਬਾਦ : ਆਮ ਆਦਮੀ ਪਾਰਟੀ ਜਲਾਲਾਬਾਦ ਵੱਲੋਂ ਕੋਵਿਡ -19 ਮਹਾਮਾਰੀ ਦੇ ਸਬੰਧ 'ਚ ਲੱਗੇ ਲਾਕਡਾਊਨ ਦੌਰਾਨ ਪ੍ਰਰਾਈਵੇਟ ਸਕੂਲੀ ਬੱਚਿਆਂ ਦੀਆਂ ਫੀਸਾਂ ਅਤੇ ਬਿਜਲੀ ਦੇ ਬਿੱਲ ਲੈਣ ਦੇ ਫੈਸਲੇ ਦੀ ਵਿਰੋਧਤਾ ਕਰਦੇ ਹੋਏ ਜਲਾਲਾਬਾਦ ਦੀ ਪੁਰਾਣੀ ਸਬਜ਼ੀ ਮੰਡੀ ਅਤੇ ਡਾ.ਭੀਮ ਰਾਓ ਅੰਬੇਦਕਾਰ ਚੌਕ 'ਚ ਰੋਸ ਧਰਨਾ ਦਿੱਤਾ ਗਿਆ। ਕੈਪਟਨ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੀ ਅਲੋਚਨਾ ਕੀਤੀ ਗਈ ਉਥੇ ਪ੍ਰਰਾਈਵੇਟ ਸਕੂਲਾਂ ਦੇ ਬੱਚਿਆਂ ਤੋਂ ਫੀਸਾਂ ਲੈਣ, ਬਿਜਲੀ ਬਿੱਲ ਵਸੂਲਣ ਬਾਰੇ ਅਤੇ ਮਹਾਮਾਰੀ ਦੇ ਦੌਰਾਨ ਸਰਕਾਰ ਵੱਲੋਂ ਵੰਡੇ ਗਏ ਰਾਸ਼ਨ ਵਿਚ ਪੱਖਪਾਤ ਕਰਨ ਦੀਆਂ ਵਰਕਰਾਂ ਨੇ ਹੱਥਾਂ 'ਚ ਤਖਤੀਆਂ ਫੜ ਕੇ ਸਰਕਾਰ ਦਾ ਪਿੱਟ ਸਿਆਪਾ ਕੀਤਾ।

ਇਸ ਧਰਨੇ ਦੀ ਅਗਵਾਈ ਕਰ ਰਹੇ ਆਮ ਆਦਮੀ ਪਾਰਟੀ ਹਲਕਾ ਜਲਾਲਾਬਾਦ ਦੇ ਇੰਚਾਰਜ ਮਹਿੰਦਰ ਸਿੰਘ ਕਚੂਰਾ ਨੇ ਕਿਹਾ ਕਿ ਆਮ ਲੋਕ ਅਤੇ ਦੁਕਾਨਦਾਰ ਲਾਕਡਾਊਨ ਹੋਣ ਕਰਕੇ ਪ੍ਰਰਾਈਵੇਟ ਸਕੂਲਾਂ 'ਚ ਪੜ੍ਹਦੇ ਬੱਚਿਆਂ ਦੀਆਂ ਫੀਸਾਂ ਦੇਣ ਅਤੇ ਬਿਜਲੀ ਦੇ ਬਿੱਲ ਭਰਨ ਤੋਂ ਅਸਮਰਥ ਹਨ ਕਿਉਂਕਿ ਮਹਾਮਾਰੀ ਦੇ ਚਲਦੇ 22 ਮਾਰਚ ਤੋਂ ਲਗਾਤਾਰ ਲਾਕਡਾਊਨ ਅਤੇ ਕਰਫਿਊ ਲੱਗਿਆ ਹੋਣ ਕਰਕੇ ਸਾਰੇ ਕੰਮਕਾਰ ਬੰਦ ਹੋ ਕੇ ਰਹਿ ਗਏ ਹਨ ਅਤੇ ਹਾਲਾਤ ਅਜਿਹੇ ਬਣੇ ਹੋਏ ਹਨ ਕਿ ਹਰੇਕ ਵਰਗ ਨੂੰ ਆਪਣੇ ਘਰ ਪਰਿਵਾਰ ਚਲਾਉਣੇ ਅੌਖੇ ਹੋ ਗਏ ਹਨ ਪਰ ਸਰਕਾਰ ਨੇ ਲੋਕਾਂ ਦੀ ਆਰਥਿਕ ਤੌਰ 'ਤੇ ਮਦਦ ਕਰਨ ਦੀ ਬਜਾਏ ਮਾਰੂ ਫੈਸਲੇ ਲੈ ਕੇ ਸ਼ੋਸ਼ਣ ਕੀਤਾ ਜਾ ਰਿਹਾ ਹੈ। ਹਾਲ ਹੀ ਵਿਚ ਪੰਜਾਬ ਸਰਕਾਰ ਵਲੋਂ ਬਿਜਲੀ ਦੇ ਬਿੱਲ ਭੇਜ ਦਿੱਤੇ ਗਏ ਹਨ ਉਥੇ ਪ੍ਰਰਾਈਵੇਟ ਸਕੂਲਾਂ ਨੂੰ ਬੱਚਿਆਂ ਦੀਆਂ ਫੀਸਾਂ ਵਸੂਲਣ ਦੀ ਵੀ ਛੋਟ ਦੇ ਦਿੱਤੀ ਗਈ ਹੈ। ਆਪ ਆਗੂ ਮਹਿੰਦਰ ਕਚੂਰਾ ਨੇ ਕਿਹਾ ਕਿ ਸਰਕਾਰ ਆਪਣੇ ਨਾਦਰਸ਼ਾਹੀ ਫੈਸਲੇ ਨੂੰ ਤੁਰੰਤ ਵਾਪਸ ਲਵੇ। ਧਰਨੇ ਦੇ ਦੌਰਾਨ ਵੱਖ ਵੱਖ ਆਗੂਆਂ ਨੇ ਚੇਤਾਵਨੀ ਦਿੰਦਿਆ ਕਿਹਾ ਕਿ ਸਰਕਾਰ ਲੋਕ ਮਾਰੂ ਫੈਸਲੇ ਤੁਰੰਤ ਰੱਦ ਕਰੇ ਨਹੀਂ ਤਾਂ ਆਮ ਆਦਮੀ ਪਾਰਟੀ ਲੋਕਾਂ ਦੀ ਆਵਾਜ ਬਣ ਕੇ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਧਰਨੇ ਤੇ ਪ੍ਰਦਰਸ਼ਨ ਕਰਨ ਤੋਂ ਪਿੱਛੇ ਨਹੀਂ ਹਟੇਗੀ। ਇਸ ਮੌਕੇ ਬਲਾਕ ਜਲਾਲਾਬਾਦ ਦੇ ਦੇਹਾਂਤੀ ਪ੍ਰਧਾਨ ਸੁਰਜਨ ਸਿੰਘ, ਸ਼ਹਿਰੀ ਬਲਾਕ ਪ੍ਰਧਾਨ ਰਾਜੂ ਸਰਕਾਰ, ਬਲਾਕ ਪ੍ਰਧਾਨ ਦਿਲਬਾਗ ਸਿੰਘ ਘੜਿਆਣਾ, ਡਾ.ਸੁਰਿੰਦਰ ਕਚੂਰਾ ਜਿਲ੍ਹਾ ਪ੍ਰਧਾਨ ਐਸ.ਸੀ. ਵਿੰਗ, ਨਰੇਸ਼ ਘੁਬਾਇਆ ਯੂਥ ਆਗੂ, ਡਾ.ਰਜਿੰਦਰ ਵੈਰੋਕੇ ਯੂਥ ਆਗੂ, ਨਰੈਣ ਟਿਵਾਣਾ ਸਰਕਲ ਪ੍ਰਧਾਨ, ਨਰਿੰਦਰਜੀਤ ਚਹਿਲ ਸਰਕਲ ਪ੍ਰਧਾਨ, ਪਰਮਜੀਤ ਖਾਲਸਾ ਸਰਕਲ ਪ੍ਰਧਾਨ, ਜਸਵੰਤ ਅਲਿਆਣਾ, ਚਿਮਨ ਹਜਾਰਾ, ਸੁਰਿੰਦਰ ਕਾਠਗੜ, ਗੋਹਲਾ, ਜੋਗਿੰਦਰ ਨੱਢਾ ਆਦਿ ਨੇ ਵੀ ਸੰਬੋਧਨ ਕੀਤਾ।