ਕੇਵਲ ਅਹੂਜਾ, ਮਖੂ : ਵਿਧਾਨ ਸਭਾ ਹਲਕਾ ਜ਼ੀਰਾ ਦੇ ਬਲਾਕ ਮਖੂ ਦੇ ਪਿੰਡ ਮਸਤੇਵਾਲਾ ਤੋਂ ਇਲਾਕੇ 'ਚ ਬਿਜਲੀ ਸਪਲਾਈ ਕਰਦੇ ਬਿਜਲੀ ਗਰਿੱਡ 440 ਕੇਵੀ ਨੂੰ ਸ਼ਨੀਵਾਰ ਸਵੇਰੇ ਤੜਕੇ 4 ਵਜੇ ਦੇ ਕਰੀਬ ਅਚਾਨਕ ਭਿਆਨਕ ਅੱਗ ਲਗਣ ਕਾਰਨ ਫਹਿਤਗੜ੍ਹ ਪੰਜਤੂਰ, ਕਮਾਲਗੜ੍ਹ, ਮਖੂ ਅਤੇ ਕੁਰਾਲੀ ਗਰਿੱਡਾਂ ਤੇ ਵੀ ਬਿਜਲੀ ਦੀ ਸਪਲਾਈ ਠੱਪ ਹੋ ਗਈ। ਗਰਿੱਡ 'ਚ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਮੌਕੇ 'ਤੇ ਪਹੰੁਚੀਆਂ ਫਾਇਰ ਬਿ੍ਗੇਫ ਦੀਆਂ 9 ਗੱਡੀਆਂ ਅਤੇ ਇਲਾਕਾ ਨਿਵਾਸੀਆਂ ਵੱਲੋਂ ਬਹੁਤ ਹੀ ਮੁਸ਼ਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਮਸਤੇਵਾਲਾ ਦੇ ਬਿਜਲੀ ਗਰਿੱਡ 'ਤੇ ਅੱਗ ਲੱਗਣ ਦੀ ਘਟਨਾ ਦਾ ਪਤਾ ਲੱਗਦਿਆ ਹੀ ਐੱਸਡੀਐੱਮ ਜ਼ੀਰਾ ਰਣਜੀਤ ਸਿੰਘ, ਬਿਜਲੀ ਵਿਭਾਗ ਦੇ ਚੀਫ ਇੰਜੀਅਨਰ ਰਾਜੇਸ਼ ਟੰਡਨ, ਐਕਸੀਅਨ ਅਜੇ ਕੁਮਾਰ, ਐਕਸੀਅਨ ਜ਼ੀਰਾ ਬਾਂਸਲ, ਥਾਣਾ ਮਖੂ ਦੇ ਮੁੱਖ ਅਫਸਰ ਇੰਸਪੈਕਟਰ ਬਚਨ ਸਿੰਘ, ਏਐੱਸਆਈ ਨਸੀਬ ਸਿੰਘ ਅਤੇ ਹੋਰ ਉੱਚ ਅਧਿਕਾਰੀ ਮੌਕੇ 'ਤੇ ਪਹੰੁਚ ਗਏ। ਇਸ ਮੌਕੇ ਚੀਫ ਇੰਜੀਅਨਰ ਰਾਜੇਸ਼ ਟੰਡਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਗਰਿੱਡ 'ਚ ਅੱਗ ਲਗਣ ਕਾਰਨ ਪਾਵਰਕਾਮ ਨੂੰ 5 ਕਰੋੜ ਰੁਪਏ ਦੇ ਕਰੀਬ ਨੁਕਸਾਨ ਹੋਇਆ ਹੈ। ਜੋ ਬਿਜਲੀ ਦੇ ਉਪਕਰਨ ਨੁਕਸਾਨੇ ਗਏ ਹਨ, ਉਨ੍ਹਾਂ ਨੂੰ ਬਦਲਣ ਅਤੇ ਠੀਕ ਕਰਨ 'ਤੇ ਕਰੀਬ ਇੱਕ ਮਹੀਨੇ ਦਾ ਸਮਾਂ ਲੱਗ ਸਕਦਾ ਹੈ। ਗੁਰਾਲੀ, ਮੱਖੂ ਗਰਿੱਡਾਂ ਨੂੰ ਬਿਜਲੀ ਸਪਲਾਈ ਸ਼ਾਮ ਤਕ ਚਾਲੂ ਕਰ ਦਿੱਤੀ ਜਾਵੇਗੀ।