ਬਗੀਚਾ ਸਿੰਘ, ਮਮਦੋਟ : ਖਾਈ ਮਮਦੋਟ ਸੜਕ 'ਤੇ ਸਥਿਤ ਗੁਰੂ ਹਰਗੋਬਿੰਦ ਰਾਈਸ ਮਿੱਲ ਵਿਚ ਪਨਗ੍ਰੇਨ ਵੱਲੋਂ ਲਗਾਈ ਗਈ ਕਣਕ ਦੇ ਕਰੀਬ 11 ਸਟੈਕਾਂ ਵਿਚ ਭਾਰੀ ਗਰਮੀ ਕਾਰਨ ਕਣਕ ਨੂੰ ਢੱਕਣ ਲਈ ਪਾਈਆਂ ਕਾਲੀਆਂ ਤਰਪਾਲਾਂ ਨੂੰ ਅੱਗ ਲੱਗ ਗਈ, ਜਿਸ ਦਾ ਪਤਾ ਨਿਸ਼ਾਨ ਸਿੰਘ ਇੰਨਸਪੈਕਟਰ ਨੂੰ ਲੱਗਾ ਤਾਂ ਉਨ੍ਹਾਂ ਨੇ ਮੌਕੇ 'ਤੇ ਮੌਜ਼ੂਦ ਮਿੱਲ ਮਾਲਕ ਬਲਬੀਰ ਸਿੰਘ ਅਤੇ ਪਿੰਡ ਵਾਸੀਆਂ ਦੀ ਮਦਦ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੇ ਉੱਚ ਅਧਿਕਾਰੀਆਂ ਨੂੰ ਜਾਣਕਾਰੀ ਦਿੱਤੀ। ਅੱਗ ਨੂੰ ਕਾਬੂ ਕਰਨ ਲਈ ਉਨ੍ਹਾਂ ਵੱਲੋਂ ਫਾਇਰ ਬਿ੍ਗੇਡ ਨੂੰ ਸੂਚਿਤ ਕੀਤਾ ਗਿਆ ਜਿਨ੍ਹਾਂ ਨੇ ਮੌਕੇ 'ਤੇ ਪਹੁੰਚ ਕਿ ਅੱਗ 'ਤੇ ਕਾਬੂ ਪਾਇਆ। ਇਸ ਘਟਨਾ ਦਾ ਪਤਾ ਲੱਗਦਿਆ ਪਨਗ੍ਰੇਨ ਦੇ ਡਿਪਟੀ ਡਾਇਰੈਕਟਰ ਮੰਗਲਦਾਸ ਅਤੇ ਡੀਐੱਮ ਪਿੰਦਰ ਸਿੰਘ, ਪ੍ਰਦੀਪ ਬੱਬਰ ਇੰਨਸਪੈਕਟਰ, ਜਤਿੰਦਰ ਸਿੰਘ, ਅੰਕਿਤ ਬੱਤਾ, ਗਗਨਦੀਪ, ਅਵਨੀਸ਼ ਮਨਚੰਦਾ, ਆੜਤੀ ਐਸੋਸੀਏਸ਼ਨ ਪੰਜਾਬ ਦੇ ਜਨਰਲ ਸੈਕਟਰੀ ਬਿੰਦਰਾ ਅਤੇ ਮਮਦੋਟ ਥਾਣੇ ਤੋਂ ਸਬ ਇਨਸਪੈਕਟਰ ਵਜੀਰ ਚੰਦ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ਤੇ ਪਹੁੰਚੇ ਅਤੇ ਹਾਲਾਤ ਦਾ ਜਾਇਜਾ ਲਿਆ। ਇੱਥੇ ਦੱਸਣਯੋਗ ਹੈ ਕਿ ਇਸ ਰਾਈਸ ਮਿਲ ਵਿਚ 2 ਲੱਖ ਦੇ ਕਰੀਬ ਬੋਰੀਆਂ ਕਣਕ ਸਟੋਰ ਕੀਤੀ ਗਈ ਹੈ ਜੇਕਰ ਅੱਗ ਲੱਗਣ ਦੀ ਘਟਨਾ ਦਾ ਮੌਕੇ 'ਤੇ ਪਤਾ ਨਾ ਲੱਗਦਾ ਤਾਂ ਕਰੋੜਾਂ ਰੁਪਏ ਦੀ ਕਣਕ ਸੜ ਕਿ ਸੁਆਹ ਹੋ ਜਾਣੀ ਸੀ। ਇਸ ਸਬੰਧੀ ਡਿਪਟੀ ਡਾਇਰੈਕਟਰ ਮੰਗਲਦਾਸ ਨੇ ਦੱਸਿਆ ਕਿ ਕਣਕ ਨੂੰ ਅੱਗ ਸਟੈਕਾਂ ਉੱਪਰ ਪਾਈਆਂ ਤਰਪਾਲਾਂ ਦੇ ਗਰਮੀ ਵਧਣ ਕਾਰਨ ਲੱਗੀ ਹੈ। ਉਨ੍ਹਾਂ ਦੱਸਿਆ ਕਿ ਕਰੀਬ 11 ਸਟੈਕ ਵਿਚ ਅੱਗ ਨੇ ਮਾਮੂਲੀ ਨੁਕਸਾਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਲੇਬਰ ਨੂੰ ਬੁਲਾ ਕਿ ਸਟੈਕ ਨੂੰ ਅੱਗ ਵਾਲੀ ਜਗ੍ਹਾ ਤੇ ਪਾਸੇ ਸਿਫਟ ਕੀਤਾ ਜਾ ਰਿਹਾ ਹੈ।