ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਵਿਸ਼ਵ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪਾਲ ਸਿੰਘ ਭੁੱਲਰ, ਮੀਤ ਪ੍ਰਧਾਨ ਸੋਹਨ ਸਿੰਘ, ਕ੍ਰਿਸ਼ਨ ਸਿੰਘ ਖਾਲਸਾ, ਜਨਰਲ ਸਕੱਤਰ ਸਰਬਜੀਤ ਸਿੰਘ ਛਾਬੜਾ, ਜਤਿੰਦਰ ਸਿੰਘ, ਸਵਰਨ ਸਿੰਘ ਵੱਲੋਂ ਜ਼ਿਲ੍ਹਾ ਫਿਰੋਜ਼ਪੁੁਰ ਵਿਖੇ ਨਵੇਂ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੂੰ ਸਿਰੋਪਾ ਅਤੇ ਭਾਈ ਮਰਦਾਨਾ ਪੁਰਸਕਾਰ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ 6 ਅਤੇ 7 ਮਾਰਚ ਨੂੰ ਭਾਈ ਮਰਦਾਨਾ ਯਾਦਗਾਰੀ ਹਾਲ ਫਿਰੋਜ਼ਪੁਰ ਵਿਖੇ ਹੋ ਰਹੇ 27ਵਾਂ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਵਿਖੇ ਸ਼ਾਮਲ ਹੋਣ ਲਈ ਸੱਦਾ ਪੱਤਰ ਦਿੱਤਾ ਗਿਆ ਅਤੇ ਡਿਪਟੀ ਕਮਿਸ਼ਨਰ ਨੂੰ ਫਿਰੋਜ਼ਪੁਰ ਵਿਖੇ ਆਉਣ |'ਤੇ ਵਧਾਈ ਦਿੱਤੀ ਗਈ ਅਤੇ ਆਖਿਆ ਸਾਨੂੰ ਯਕੀਨ ਹੈ ਕਿ ਆਪ ਫਿਰੋਜ਼ਪੁਰ ਵਿਖੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ਉਪਰ ਕਰੋਗੇ। ਸੁਸਾਇਟੀ ਪ੍ਰਬੰਧਕਾਂ ਨੇ ਆਖਿਆ ਕਿ ਸੁਸਾਇਟੀ ਹੁਣ ਤੱਕ 714 ਲੜਕੀਆਂ ਦੇ ਵਿਆਹ ਕਰ ਚੁੱਕੀ ਹੈ। ਦੇਸ਼ ਵਿਦੇਸ਼ ਤੋਂ 100 ਤੋਂ ਵੱਧ ਉੱਚ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਉੱਚ ਰਾਗੀ ਜਥਿਆਂ, ਕਥਾ ਵਾਚਕਾਂ ਅਤੇ ਪ੍ਰਚਾਰਕਾਂ ਦਾ ਵੀ ਸਨਮਾਨ ਕੀਤਾ ਗਿਆ। ਸ਼੍ਰੋਮਣੀ ਸੰਗੀਤ ਕਾਰ ਰਬਾਬੀ ਭਾਈ ਮਰਦਾਨਾ ਜੀ ਦੀ ਵਿਸ਼ਵ ਭਰ ਵਿਚ ਪਹਿਲੀ ਯਾਦਗਾਰ ਫਿਰੋਜ਼ਪੁਰ ਵਿਖੇ ਬਣਾਈ ਗਈ। ਭਾਈ ਮਰਦਾਨਾ ਜੀ ਦੇ ਘਰ ਨਨਕਾਣਾ ਸਾਹਿਬ ਵਿਖੇ ਯਾਦਗਾਰ ਬਣਾਉਣ ਲਈ ਨੀਂਹ ਪੱਥਰ ਰਖਵਾਇਆ ਗਿਆ। ਇਸ ਵਾਰ ਵੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ 550 ਸਾਲਾ ਦੀ ਖੁਸ਼ੀ ਵਿਚ ਅਤੇ ਭਾਈ ਮਰਦਾਨਾ ਜੀ ਦੇ 562 ਸਾਲਾ ਜਨਮ ਦਿਹਾੜੇ ਦੀ ਖੁਸ਼ੀ ਵਿਖੇ 6 ਅਤੇ 7 ਮਾਰਚ ਨੂੰ ਦੋ ਦਿਨਾਂ ਯਾਦਗਾਰੀ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਇਸੇ ਹੀ ਅਸਥਾਨ ਵਿਖੇ ਸ੍ਰੋਮਣੀ ਸੰਗੀਤ ਕਾਰ ਭਾਈ ਮਰਦਾਨਾ ਜੀ ਦੀ ਯਾਦ ਵਿਖੇ ਤੰਤੀ ਸਾਜਾਂ ਦੀ ਸਿਖਲਾਈ ਲਈ ਅਕੈਡਮੀ ਬਣਾਉਣ ਲਈ ਵਿਚਾਰਾਂ ਜਾਰੀ ਹਨ, ਤੰਤੀ ਸਾਜਾਂ ਦੀ ਸਿਖਲਾਈ ਲਈ ਚੰਗੇ ਉਸਤਾਦ ਰੱਖੇ ਜਾਣਗੇ। ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਨੇ ਭਾਈ ਮਰਦਾਨਾ ਯਾਦਗਾਰੀ ਕੀਰਤਨ ਦਰਬਾਰ ਸੁਸਾਇਟੀ ਵੱਲੋਂ ਕੀਤੇ ਜਾਂਦੇ ਧਾਰਮਿਕ ਕੰਮਾਂ ਦੀ ਪ੍ਰਸ਼ੰਸਾ ਕਰਦਿਆਂ ਆਖਿਆ ਕਿ ਲੋੜਵੰਦ ਲੜਕੀਆਂ ਦੇ ਵਿਆਹ ਕਰਕੇ ਇਹ ਬੜਾ ਹੀ ਚੰਗਾ ਉਪਰਾਲਾ ਹੈ ਅਤੇ ਭਾਈ ਮਰਦਾਨਾ ਜੀ ਦੀ ਫਿਰੋਜ਼ਪੁਰ ਵਿਖੇ ਬਣੀ ਯਾਦਗਾਰ ਲਈ ਭਾਈ ਮਰਦਾਨਾ ਸੁਸਾਇਟੀ ਨੂੰ ਵਧਾਈ ਦਿੱਤੀ। ਭਾਈ ਮਰਦਾਨਾ ਜੀ ਦੀ ਯਾਦਗਾਰ ਪੰਜਾਬ ਵਾਸੀਆਂ ਲਈ ਬੜੀ ਵੱਡੀ ਸੌਗਾਤ ਹੈ।