ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਕੂਲੀ ਵਾਹਨਾਂ ਦੀ ਜਾਂਚ ਅਤੇ ਨਿਯਮਾਂ ਨੂੰ ਤੋੜ ਕੇ ਚੱਲਣ ਵਾਲੇ ਵਾਹਨਾਂ 'ਤੇ ਕਾਰਵਾਈ ਕਰਨ ਦੇ ਬੀਤੇ ਦਿਨ ਦਿੱਤੇ ਹੁੱਕਮਾਂ ਦੇ ਬਾਅਦ ਮਹਿਕਮਾ ਟਰਾਂਸਪੋਰਟ ਅਤੇ ਜ਼ਿਲ੍ਹਾ ਪ੍ਰਸ਼ਾਸਨ ਪੱਬਾਂ ਭਾਰ ਹੋ ਰਹੇ ਹਨ। ਇਸ ਸਬੰਧੀ ਜਿਥੇ ਸੋਮਵਾਰ ਨੂੰ ਚੈਕਿੰਗ ਦੇ ਪਹਿਲੇ ਦਿਨ 120 ਵਾਹਨਾਂ ਦੀ ਜਾਂਚ ਕਰਦਿਆਂ 42 ਬੱਸਾਂ ਦੇ ਚਲਾਨ ਕੀਤੇ ਗਏ ਅਤੇ 18 ਸਕੂਲੀ ਵਾਹਨ ਜਬਤ ਕਰ ਲਏ ਗਏ, ਉਥੇ ਦੂਜੇ ਦਿਨ ਹੋਰ ਵੀ ਸਖਤ ਹੁੰਦਿਆਂ 143 ਵਾਹਨਾਂ ਦੀ ਜਾਂਚ ਕੀਤੀਆਂ ਗਈ ਜਦਕਿ 38 ਦੇ ਚਲਾਨ ਕੀਤੇ ਗਏ ਅਤੇ 5 ਜਬਤ ਕਰ ਲਏ ਗਏ। ਉਧਰ ਇਸ ਸਬੰਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਕੁਲਵੰਤ ਸਿੰਘ ਦਾ ਕਹਿਣਾ ਹੈ ਕਿ ਬੱਚਿਆਂ ਦੀ ਸੁਰੱਖਿਆ ਦੇ ਮਾਮਲੇ 'ਚ ਕੋਈ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਏਗੀ ਤਾਂ ਸਮਾਜ ਸੇਵੀਆਂ ਦਾ ਕਹਿਣਾ ਹੈ ਕਿ ਮਾਸੂਮ ਬੱਚਿਆਂ ਦੀਆਂ ਜਾਨਾਂ ਜਾਣ ਤੋਂ ਬਾਅਦ ਹੀ ਹਾਕਮਾਂ ਦੀ ਨੀਂਦ ਕਿਉਂ ਖੁੱਲ੍ਹਦੀ ਹੈ। ਉਨ੍ਹਾਂ ਹਾਦਸਾ ਹੋਣ ਦੀ ਸੂਰਤ 'ਚ ਸਬੰਧਤ ਅਧਿਕਾਰੀਆਂ 'ਤੇ ਬਰਾਬਰ ਦਾ ਭਾਰ ਪਾਉਣ ਦੀ ਵੀ ਮੰਗ ਕੀਤੀ। ਡੀਸੀ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸਕੂਲ ਬੱਸਾਂ ਦੀ ਚੈਕਿੰਗ ਨੂੰ ਲੈ ਕੇ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ।

...................................

ਹਾਦਸਾ ਹੋਣ 'ਤੇ ਸਬੰਧਤ ਆਰਟੀਓ ਤੇ ਟ੍ਰੈਫਿਕ ਇੰਚਾਰਜ 'ਤੇ ਹੋਵੇ ਮਾਮਲਾ ਦਰਜ : ਅਮਰੀਕ ਸਿੰਘ ਜੰਮੂ

--ਲੋਂਗੋਵਾਲ ਸਕੂਲ ਵੈਨ ਹਾਦਸੇ ਸਬੰਧੀ ਮਗਰੋਂ ਲੋਕਾਂ ਵਿਚ ਹਾਕਮਾਂ ਪ੍ਰਤੀ ਕਾਫੀ ਰੋਸ ਵੇਖਣ ਨੂੰ ਮਿਲ ਰਿਹਾ ਹੈ। ਇਸ ਸਬੰਧੀ ਜ਼ਿਆਦਾਤਰ ਲੋਕਾਂ ਵੱਲੋਂ ਸਬੰਧਤ ਅਧਿਕਾਰੀਆਂ 'ਤੇ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਸਿਵਲ ਡਿਫੈਂਸ ਫਿਰੋਜ਼ਪੁਰ ਦੇ ਡਿਪਟੀ ਚੀਫ ਵਾਰਡਨ ਅਮਰੀਕ ਸਿੰਘ ਜੰਮੂ ਨੇ ਆਖਿਆ ਕਿ ਜਦੋਂ ਕਿਤੇ ਵੀ ਅਜਿਹਾ ਹਾਦਸਾ ਹੁੰਦਾ ਹੈ ਤਾਂ ਸਬੰਧਤ ਆਰ ਟੀ ੳ ਅਤੇ ਟਰੈਫਿਕ ਇੰਚਾਰਜ਼ ਦੇ ਖਿਲਾਫ ਦੋਸ਼ੀ ਦੇ ਬਰਾਬਰ ਦਾ ਮੁਕੱਦਮਾ ਦਰਜ ਹੋਵੇ। ਜੇ ਅਜਿਹਾ ਹੁੰਦਾ ਹੈ ਤਾਂ ਹੀ ਭਵਿੱਖ ਵਿਚ ਮਨੁੱਖੀ ਲਾਪਰਵਾਹੀ ਨਾਲ ਹੋਣ ਵਾਲੇ ਹਾਦਸੇ ਰੋਕੇ ਜਾ ਸੱਕਦੇ ਹਨ।