ਸਟਾਫ ਰਿਪੋਰਟਰ, ਫਿਰੋਜ਼ਪੁਰ : ਹੈਦਰਾਬਾਦ ਵਿਚ ਮਹਿਲਾ ਵੈਟਰਨਰੀ ਡਾਕਟਰ ਦੀ ਸਮੂਹਿਕ ਜਬਰ ਜਨਾਹ ਤੋਂ ਬਾਅਦ ਹੱਤਿਆ ਦੇ ਮਾਮਲੇ 'ਚ ਚਾਰ ਦੋਸ਼ੀ ਪੁਲਿਸ ਮੁਕਾਬਲੇ 'ਚ ਮਾਰੇ ਜਾਣ ਦੇ ਚਾਰੇ ਪਾਸੇ ਚਰਚੇ ਹਨ ਅਤੇ ਇਸ ਮਾਮਲੇ 'ਚ ਸਭ ਦੀ ਆਪੋ ਆਪਣੀ ਰਾਇ ਹੈ। ਇਸ ਮਾਮਲੇ ਬਾਰੇ ਗੱਲਬਾਤ ਕਰਦਿਆਂ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਜ਼ਿਲ੍ਹਾ ਫਿਰੋਜ਼ਪੁਰ ਦੀ ਜਨਰਲ ਸਕੱਤਰ ਮੈਡਮ ਸ਼ਹਿਨਾਜ ਨੇ ਕਿਹਾ ਕਿ ਹੈਦਰਾਬਾਦ ਪੁਲਿਸ ਦੀ ਇਹ ਕਾਰਵਾਈ ਬਹੁਤ ਹੀ ਸ਼ਲਾਘਾਯੋਗ ਹੈ। ਇਸ ਤਰ੍ਹਾਂ ਦੇ ਦਰਿੰਦਿਆਂ ਨੂੰ ਇਸ ਤਰ੍ਹਾਂ ਦੀ ਸਜ਼ਾ ਮਿਲਣ ਨਾਲ ਜਿਥੇ ਮਰਹੂਮ ਮਹਿਲਾ ਡਾਕਟਰ ਦੀ ਆਤਮਾ ਨੂੰ ਸ਼ਾਂਤੀ ਮਿਲੇਗੀ, ਉਥੇ ਪਰਿਵਾਰ ਦਾ ਦੁੱਖ ਦਰਦ ਘਟੇਗਾ ਅਤੇ ਉਨ੍ਹਾਂ ਦੇ ਮਨ ਨੂੰ ਵੀ ਇਸ ਕਾਰਵਾਈ ਨਾਲ ਪੂਰੀ ਤਸੱਲੀ ਹੋਵੇਗੀ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਦੀ ਸ਼ਲਾਘਾ ਅੱਜ ਇਕੱਲੇ ਹੈਦਰਾਬਾਦ ਦੇ ਨਹੀਂ ਪੂਰੇ ਦੇਸ਼ ਦੇ ਨਹੀਂ ਬਲਕਿ ਪੂਰੇ ਵਿਸ਼ਵ ਦੇ ਲੋਕ ਕਰ ਰਹੇ ਹਨ। ਉਨ੍ਹਾਂ ਪੁਲਿਸ ਅਫਸਰਾਂ 'ਤੇ ਫੁੱਲਾਂ ਦੀ ਵਰਖਾ ਕਰਦੇ ਲੋਕਾਂ ਦਾ ਸਵਾਗਤ ਕੀਤਾ। ਉਨ੍ਹਾਂ ਕਿਹਾ ਕਿ ਐਨਕਾਉਂਟਰ ਵਾਲੇ ਸਥਾਨ 'ਤੇ ਹੀ ਪੁਲਿਸ ਜ਼ਿੰਦਾਬਾਦ ਦੇ ਨਾਅਰੇ ਲੱਗਣਾ ਲੋਕਾਂ ਦੀ ਇੱਛਾ ਪੂਰਤੀ ਦਾ ਪ੍ਰਤੀਕ ਹਨ। ਪੁਲਿਸ ਦੁਆਰਾ ਕੀਤੇ ਇਸ ਮੁਕਾਬਲੇ ਦੀ ਹਰ ਕੋਈ ਆਪੋ ਆਪਣੇ ਤਰੀਕੇ ਤਾਰੀਫ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਕਾਰਵਾਈ ਨਾਲ ਦੇਸ਼ 'ਚ ਕੋਈ ਵੀ ਅੱਗੇ ਤੋਂ ਇਸ ਤਰ੍ਹਾਂ ਦੀ ਦਰਿੰਦਗੀ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੇਗਾ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਅਜਿਹਾ ਕਾਨੂੰਨ ਬਣ ਜਾਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਹਰਕਤ ਕਰਨ ਵਾਲੇ ਨੂੰ ਤੁਰੰਤ ਮੌਤ ਦੀ ਸਜ਼ਾ ਮਿਲਣੀ ਚਾਹੀਦੀ ਹੈ ਅਤੇ ਅੌਰਤਾਂ ਦੀ ਸੁਰੱਖਿਆ ਲਈ ਸਾਰੇ ਦੇਸ਼ ਵਿੱਚ ਵਧੀਆ ਪ੍ਰਬੰਧਾਂ ਲਈ ਕਦਮ ਚੁੱਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਸਮੁੱਚੀ ਇਸਤਰੀ ਮੁਲਾਜ਼ਮ ਤਾਲਮੇਲ ਕਮੇਟੀ ਪੰਜਾਬ ਜ਼ਿਲ੍ਹਾ ਫਿਰੋਜ਼ਪੁਰ ਦੀ ਕਮੇਟੀ, ਹੈਦਰਾਬਾਦ ਪੁਲਿਸ ਨੂੰ ਸਲਾਮ ਕਰਦੀ ਹੈ।