ਹੂਸੈਨੀਵਾਲਾ ਸਰਹੱਦ ਨਾਲ ਲੱਗਦੇ 17 ਪਿੰਡ ਕਰਵਾਏ ਖਾਲੀ

ਡੀਸੀ ਚੰਦਰ ਗੈਂਦ, ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਤੇ ਸਿੰਚਾਈ ਵਿਭਾਗ ਦੇ ਅਧਿਕਾਰੀ ਹੜ੍ਹਾਂ ਦੀ ਸਥਿਤੀ ਦਾ ਅਗਾਊਂ ਜਾਇਜ਼ਾ ਲੈਂਦੇ ਹੋਏ।

ਫੋਟੋ ਫਾਈਲ: 18 ਐੱਫਜੈੱਡਆਰ 10, 11

ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪਹਾੜਾਂ 'ਚ ਲਗਾਤਾਰ ਹੋ ਰਹੀ ਬਾਰਿਸ਼ ਤੇ ਪੰਜਾਬ ਵਿਚ ਡੈਮਾਂ ਦੇ ਵੱਧ ਰਹੇ ਪੱਧਰ ਤੋਂ ਪੰਜਾਬ ਅੰਦਰ ਹੱੜਾਂ ਵਾਲੇ ਬਣੇ ਹੋਏ ਹਨ। ਭਾਖੜਾ ਡੈਮ ਤੋਂ ਬੀਤੇ ਦਿਨੀਂ ਛੱਡਿਆ ਗਿਆ ਪੰਜਾਹ ਹਜ਼ਾਰ ਕਿਊਸਿਕ ਪਾਣੀ ਅਤੇ ਹੁਣ ਹਰੀਕੇ ਹੈੱਡ ਤੋਂ ਹੁਸੈਨੀਵਾਲਾ ਵੱਲ ਨੂੰ ਛੱਡਿਆ ਗਿਆ ਤਿੰਨ ਲੱਖ ਪੰਜਾਹ ਹਜ਼ਾਰ ਕਿਉਸਿਕ ਪਾਣੀ ਐਤਵਾਰ ਸ਼ਾਮ ਤੱਕ ਹੂਸੈਨੀਵਾਲਾ ਦੇ ਕਰੀਬ ਪਹੁੰਚਣ ਦੀ ਸੰਭਾਵਨਾ ਹੈ ਹੜ ਦੇ ਸੰਭਾਵੀ ਖਤਰੇ ਨੂੰ ਵੇਖਦਿਆਂ ਡੀਸੀ ਫਿਰੋਜ਼ਪੁਰ ਵੱਲੋਂ ਸਤਲੁਜ 'ਤੇ ਵੱਸਦੇ 17 ਪਿੰਡਾਂ ਨੂੰ ਖਾਲੀ ਕਰਨ ਦੇ ਨਿਰਦੇਸ਼ ਦੇ ਦਿੱਤੇ ਗਏ ਹਨ। ਹੜ੍ਹਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਐਤਵਾਰ ਨੂੰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਚੰਦਰ ਗੈਂਦ, ਐੱਸਐੱਸਪੀ ਵਿਵੇਕਸ਼ੀਲ ਸੋਨੀ ਤੇ ਸਿੰਚਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਦਰਿਆਈ ਪਿੰਡਾਂ ਦਾ ਦੌਰਾ ਕੀਤਾ। ਪ੍ਰਰੈੱਸ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਨੇ ਕਿਹਾ ਕਿ ਲਗਾਤਾਰ ਹੋ ਰਹੀ ਬਾਰਸ਼ ਕਾਰਨ ਹੜ੍ਹ ਦੀ ਸਥਿਤੀ ਬਣ ਚੁੱਕੀ ਹੈ ਅਤੇ ਅੱਜ ਰਾਤ 9 ਤੋਂ 10 ਵਜੇ ਤੱਕ ਪਾਣੀ ਦਾ ਪੱਧਰ 3.50 ਲੱਖ ਕਿਊਸਿਕ ਤਕ ਜਾ ਸਕਦਾ ਹੈ।

ਉਨ੍ਹਾਂ ਕਿਹਾ ਕਿ ਹੁਸੈਨੀਵਾਲਾ ਸਰਹੱਦ ਤੋਂ ਥੱਲੇ ਪੈਂਦੇ ਸਤਲੁੱਜ ਦੇ ਕੰਡੇ 17 ਪਿੰਡਾਂ ਜਿਨ੍ਹਾਂ 'ਚ ਗੱਟੀ ਰਾਜੋਕੇ, ਟੇਂਡੀਵਾਲਾ, ਖੁੰਦਰ ਗੱਟੀ, ਚਾਂਦੀ ਵਾਲਾ, ਬਸਤੀ ਭਾਗ ਸਿੰਘ, ਜੱਲੋਕੇ, ਹਜ਼ਾਰਾ ਸਿੰਘ ਵਾਲਾ, ਭਾਨੇ ਵਾਲਾ, ਹਰੀਮੇ ਕੇ, ਨਵੀਂ ਗੱਟੀ, ਭੱਖੜਾ, ਬਸਤੀ ਨਿਹੰਗਾਂ ਵਾਲੀ, ਚੂਹੜੀ ਵਾਲਾ, ਕਾਲੂ ਵਾਲਾ, ਬਸਤੀ ਮਹਿਤਾਬ ਸਿੰਘ, ਕਮਾਲੇ ਵਾਲਾ ਆਦਿ ਪਿੰਡਾਂ ਨੂੰ ਖਾਲੀ ਕਰਨ ਦੇ ਹੁਕਮ ਦੇ ਦਿੱਤੇ ਗਏ ਹਨ। ਪਿੰਡਾਂ ਤੋਂ ਹਿਜ਼ਰਤ ਕਰਨ ਵਾਲੇ ਲੋਕਾਂ ਲਈ ਫਿਰੋਜ਼ਪੁਰ ਅੰਦਰ ਵਿਸ਼ੇਸ਼ ਕੈਂਪ ਲਗਾ ਕੇ ਰਿਹਾਇਸ਼ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੜ੍ਹਾਂ ਦੀ ਸÎਥਿਤੀ ਨਾਲ ਨਜਿੱਠਣ ਲਈ ਵਿਸ਼ੇਸ਼ ਟੀਮਾਂ ਨੂੰ ਤਿਆਰ ਰਹਿਣ ਲਈ ਹੁਕਮ ਦੇ ਦਿੱਤੇ ਗਏ ਹਨ। ਇਸ ਮੌਕੇ ਬੋਲਦਿਆਂ ਜ਼ਿਲ੍ਹੇ ਜ਼ਿਲ੍ਹਾ ਪੁਲਿਸ ਮੁਖੀ ਵਿਵੇਕਸ਼ੀਲ ਸੋਨੀ ਨੇ ਆਖਿਆ ਕਿ ਪੁਲਿਸ ਹਰ ਤਰ੍ਹਾਂ ਦੀ ਮੁਸੀਬਤ ਨਾਲ ਲੜਣ ਲਈ ਤਿਆਰ ਹੈ ਅਤੇ ਹੋਰਨਾਂ ਟੀਮਾਂ ਦੇ ਨਾਲ ਰਲ ਕੇ ਪੁਲਿਸ ਹਰ ਸੰਭਵ ਸਹਾਇਤਾ ਲਈ ਤਿਆਰ ਹੈ। ਉਧਰ ਪਿੰਡਾਂ ਤੋਂ ਪ੍ਰਰਾਪਤ ਜਾਣਕਾਰੀ ਅਨੁਸਾਰ ਲੋਕਾਂ ਨੇ ਪਿੰਡਾਂ ਨੂੰ ਖਾਲੀ ਕਰਨ ਦਾ ਮਨ ਬਣਾ ਲਿਆ ਹੈ ਤੇ ਕਿਸੇ ਵੀ ਅਣਹੋਣੀ ਤੋਂ ਬਚਨ ਲਈ ਅੱਜ ਹੀ ਬਹੁਤੇ ਲੋਕ ਪਿੰਡ ਛੱਡ ਕੇ ਫਿਰੋਜ਼ਪੁਰ ਸ਼ਹਿਰ ਤੇ ਵੱਖ-ਵੱਖ ਟਿਕਾਣਿਆਂ ਵੱਲ ਹਿਜਰਤ ਕਰ ਸਕਦੇ ਹਨ।