ਫਾਜ਼ਿਲਕਾ : ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਕਿਸਾਨਾਂ ਨੂੰ ਪਿਛਲੇ ਸਾਲ ਨਾਲੋਂ ਬਿਹਤਰ ਤੇ ਵਧੀਆ ਸਹੂਲਤਾਂ ਮੁਹੱਈਆ ਕਰਵਾ ਰਹੀਆਂ ਹਨ, ਜਿਸ ਕਾਰਨ ਕਿਸਾਨਾਂ ਦਾ ਗੰਨੇ ਦੀ ਖੇਤੀ ਪ੍ਤੀ ਉਤਸ਼ਾਹ ਵਧਿਆ ਹੈ। ਇਨ੍ਹਾਂ ਸ਼ਬਦਾਂ ਦਾ ਪ੍ਗਟਾਵਾ ਫਾਜ਼ਿਲਕਾ ਤੋਂ ਵਿਧਾਇਕ ਦਵਿੰਦਰ ਸਿੰਘ ਘੁਬਾਇਆ ਨੇ ਪਿੰਡ ਸਿੰਘਪੁਰਾ ਵਿਖੇ ਕੀਤਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਉਸਾਰੂ ਸੋਚ ਤੇ ਸਹਿਕਾਰਤਾ ਮੰਤਰੀ ਪੰਜਾਬ ਸੁਖਜਿੰਦਰ ਸਿੰਘ ਰੰਧਾਵਾ ਦੇ ਦਿਸ਼ਾ-ਨਿਰਦੇਸ਼ਾਂ 'ਤੇ ਜ਼ਿਲ੍ਹੇ ਦੇ ਪਿੰਡ ਸਿੰਘਪੁਰਾ ਵਿਖੇ ਸ਼ੂਗਰ ਮਿੱਲ ਫਾਜ਼ਿਲਕਾ ਵੱਲੋਂ ਕੇਨ ਹਾਰਵੈਸਟਰ ਅਤੇ ਹੋਰ ਮਸ਼ੀਨਾਂ ਦਾ ਲਾਈਵ ਆਪਰੇਸ਼ਨਲ ਡੈਮੋ ਕਰ ਕੇ ਦਿਖਾਇਆ ਗਿਆ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਘੁਬਾਇਆ ਨੇ ਕਿਹਾ ਕਿ ਕਿਸਾਨਾਂ ਨੂੰ ਮਸ਼ੀਨੀ ਯੁਗ 'ਚ ਪਾਉਣ ਅਤੇ ਮਜ਼ਦੂਰਾਂ ਦੀ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਇਨ੍ਹਾਂ ਮਸ਼ੀਨਾਂ ਦਾ ਡੈਮੋ ਦਿਖਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਗੰਨੇ ਦੀ ਬਿਜਾਈ ਤੋਂ ਲੈ ਕੇ ਗੰਨੇ ਦੀ ਕਟਾਈ ਤਕ ਦੇ ਸਮੁੱਚੇ ਕਾਰਜ ਮਸ਼ੀਨਾਂ ਰਾਹੀਂ ਕਰਨ ਲਈ ਯੋਗ ਯਤਨ ਆਰੰਭੇ ਗਏ ਹਨ ਤਾਂ ਜੋ ਕਿਸਾਨਾਂ ਨੂੰ ਮਜ਼ਦੂਰਾਂ ਦੀ ਸਮੱਸਿਆ ਤੋਂ ਮੁਕਤ ਕਰ ਕੇ ਗੰਨੇ ਦੀ ਖੇਤੀ ਦਾ ਮੁਕੰਮਲ ਮਸ਼ੀਨੀਕਰਨ ਕੀਤਾ ਜਾ ਸਕੇ। ਸੂਬਾ ਪੱਧਰੀ ਸਮਾਗਮ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਪੋਲੀਟੀਕਲ ਅਡਵਾਈਜ਼ਰ ਸਹਿਕਾਰਤਾ ਮੰਤਰੀ ਪੰਜਾਬ ਗੁਰਇਕਬਾਲ ਸਿੰਘ ਕਾਹਲੋਂ ਨੇ ਦੱਸਿਆ ਕਿ ਗੁਜਰਾਤ ਦੀ ਮਸ਼ਹੂਰ ਖੇਤੀ ਸੰਦ ਬਣਾਉਣ ਵਾਲੀ ਕੰਪਨੀ 'ਸ਼ਕਤੀਮਾਨ' ਦੀਆਂ ਸਾਰੀਆਂ ਮਸ਼ੀਨਾਂ ਦਾ ਲਾਈਵ ਡੈਮੋ ਕਿਸਾਨਾਂ ਨੂੰ ਗੰਨਾ ਕਾਸ਼ਤਕਾਰ ਅਨਿਲ ਕੁਮਾਰ ਜੈਨ ਦੇ ਖੇਤ 'ਚ ਕਰ ਕੇ ਦਿਖਾਇਆ ਗਿਆ। ਉਨ੍ਹਾਂ ਦੱਸਿਆ ਕਿ ਗੰਨੇ ਦੀ ਬਿਜਾਈ, ਗੋਡੀ ਕਰ ਕੇ ਮਿੱਟੀ ਚੜ੍ਹਾਉਣਾ, ਖੋਰੀ ਇਕੱਠੀ ਕਰ ਕੇ ਗੰਢਾਂ ਬਣਾਉਣਾ, ਡੂੰਘੀ ਵਹਾਈ ਕਰਨਾ, ਗੰਨਾ ਕੱਟਣਾ, ਿਛੱਲਣਾ ਅਤੇ ਲੋਡ ਕਰਨਾ ਆਦਿ ਸਾਰੇ ਕੰਮ ਇਨ੍ਹਾਂ ਮਸ਼ੀਨਾਂ ਤੋਂ ਲਏ ਜਾ ਸਕਦੇ ਹਨ।

ਇਸ ਮੌਕੇ ਮਿੱਲ ਵੱਲੋਂ ਗੰਨਾ ਸਲਾਹਕਾਰ ਸ਼ੂਗਰਫੈੱਡ ਪੰਜਾਬ ਡਾ. ਗੁਰਇਕਬਾਲ ਸਿੰਘ ਕਾਹਲੋਂ ਨੂੰ ਰਿਸਰਚ ਐਂਡ ਡਿਵੈੱਲਪਮੈਂਟ ਐਵਾਰਡ ਨਾਲ ਸਨਮਾਨਤ ਕੀਤਾ ਗਿਆ। ਇਸ ਮੌਕੇ ਸ਼ੂਗਰਫੈੱਡ, ਪੰਜਾਬ ਦੇ ਜਨਰਲ ਮੈਨੇਜਰ ਹਰਬਖ਼ਸ਼ ਸਿੰਘ, ਸੀਸੀਡੀਓ ਡਾ. ਜਸਵੰਤ ਸਿੰਘ, ਮਿੱਲ ਦੇ ਚੇਅਰਮੈਨ ਰਮਨਪ੍ਰੀਤ ਸਿੰਘ, ਮਿੱਲ ਦੇ ਜਨਰਲ ਮੈਨੇਜਰ ਇੰਦਰਪਾਲ ਸਿੰਘ ਤੋਂ ਇਲਾਵਾ ਹੋਰ ਵੱਖ-ਵੱਖ ਸੰਸਥਾਵਾਂ ਦੇ ਤਕਨੀਕੀ ਮਾਹਿਰ, ਪਤਵੰਤੇ ਸੱਜਣ ਅਤੇ ਸੂਬੇ ਦੀਆਂ ਵੱਖ-ਵੱਖ ਮਿੱਲਾਂ ਤੋਂ ਅਧਿਕਾਰੀ ਅਤੇ ਜ਼ਿਲ੍ਹੇ ਦੇ ਗੰਨਾ ਕਾਸ਼ਤਕਾਰ ਮੌਜੂਦ ਸਨ।