ਸਟਾਫ ਰਿਪੋਰਟਰ, ਫਿਰੋਜ਼ਪੁਰ : ਸਰਹੱਦੀ ਸੁਰੱਖਿਆ ਬਲ ਦੇ ਮਮਦੋਟ ਇਲਾਕੇ 'ਚ ਡਿਊਟੀ ਦੇ ਰਹੇ ਇਕ ਏਐਸਆਈ ਦੀ ਬੀਤੀ ਦੇਰ ਸ਼ਾਮ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ ਜਦਕਿ ਇਕ ਜਵਾਨ ਗੰਭੀਰ ਹਾਲਤ ਵਿਚ ਸਥਾਨਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ 136 ਬਟਾਲੀਅਨ ਦੇ ਏਐੱਸਆਈ ਰਵਿੰਦਰ ਸਿੰਘ ਤੇ ਹਵਲਦਾਰ ਰਾਮ ਸਰੂਪ ਸੋਮਵਾਰ ਦੇਰ ਸ਼ਾਮ ਮਮਦੋਟ ਸੈਕਟਰ ਵਿਖੇ ਡਿਊਟੀ ਦੇ ਰਹੇ ਸਨ ਕਿ ਬੱਦਲਾਂ ਦੇ ਗਰਜਦਿਆਂ ਹੀ ਅਚਾਨਕ ਅਸਮਾਨੀ ਬਿਜਲੀ ਉਨ੍ਹਾਂ ਉੱਤੇ ਆ ਡਿੱਗੀ। ਅਸਮਾਨੀ ਬਿਜਲੀ ਦਾ ਝਟਕਾ ਇਸ ਕਦਰ ਜ਼ਬਰਦਸਤ ਸੀ ਕਿ ਬੁਰੀ ਤਰ੍ਹਾਂ ਝੁਲਸ ਜਾਣ ਕਾਰਨ ਰਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਹੌਲਦਾਰ ਰਾਮ ਸਰੂਪ ਗੰਭੀਰ ਜ਼ਖ਼ਮੀ ਹੋ ਗਿਆ। ਮੌਕੇ ' ਤੇ ਮੌਜੂਦ ਬੀਐਸਐਫ ਦੇ ਅਮਲੇ ਵੱਲੋਂ ਰਾਮਸਰੂਪ ਨੂੰ ਨਿੱਜੀ ਹਸਪਤਾਲ ਵਿਖੇ ਲਿਆਂਦਾ ਗਿਆ, ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ। ਵਿਭਾਗੀ ਸੂਤਰਾਂ ਦਾ ਕਹਿਣਾ ਹੈ ਕਿ ਰਵਿੰਦਰ ਸਿੰਘ ਕਬੱਡੀ ਦਾ ਬਹੁਤ ਤਗੜਾ ਖਿਡਾਰੀ ਸੀ ਤੇ ਬੀਐਸਐਫ ਦੀ ਕੇਂਦਰੀ ਟੀਮ ਵਿਚ ਖੇਡਦਾ ਸੀ।

Posted By: Sarabjeet Kaur