ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਲਗਾਤਾਰ ਪਲੀਤ ਹੁੰਦੇ ਜਾ ਰਹੇ ਆਬੋ ਹਵਾ, ਮਿਲਾਵਟੀ ਖਾਣ ਪੀਣ ਤੇ ਮਹਿਜ਼ ਸੈਂਪਲ ਭਰਣ ਤਕ ਸੀਮਿਤ ਸਿਹਤ ਵਿਭਾਗ ਦੀਆਂ ਕਾਰਵਾਈਆਂ ਕਾਰਨ ਪੰਜਾਬ ਬੜੀ ਤੇਜੀ ਨਾਲ ਖਤਰਨਾਕ ਬੀਮਾਰੀਆਂ ਦੇ ਸ਼ਿਕੰਜੇ 'ਚ ਆਉਂਦਾ ਜਾ ਰਿਹਾ ਹੈ। ਅਜਿਹਾ ਹੀ ਮੰਦਭਾਗਾ ਭਾਣਾ ਬੁੱਧਵਾਰ ਨੂੰ ਫਿਰੋਜ਼ਪੁਰ ਦੇ ਪਿੰਡ ਸਤੀਏਵਾਲਾ ਵਿਖੇ ਵਾਪਰਿਆ, ਜਿਥੇ ਬੀਤੇ ਪੌਣੇ 6 ਸਾਲ ਤੋਂ ਕੈਂਸਰ ਜਿਹੀ ਨਾਮੁਰਾਦ ਬਿਮਾਰੀ ਨਾਲ ਲੜਦੇ ਲੜਦੇ ਬੀਬੀ ਕੁਲਰਾਜ ਕੌਰ ਆਖ਼ਰ ਜ਼ਿੰਦਗੀ ਦੀ ਜੰਗ ਹਾਰ ਗਈ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਰਣਬੀਰ ਭੁੱਲਰ ਦੀ ਧਰਮ ਪਤਨੀ ਕੁਲਰਾਜ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 'ਚ ਲੈਕਚਰਾਰ ਸਨ। ਕਰੀਬ ਪੌਣੇ 6 ਸਾਲ ਪਹਿਲੋਂ ਜਦੋਂ ਉਨ੍ਹਾਂ ਦੇ 'ਬ੍ਰੇਨ ਟਿਊਮਰ ' ਦਾ ਪਤਾ ਲੱਗਾ ਤਾਂ ਭਾਵੇਂ ਪਰਿਵਾਰਕ ਮੈਂਬਰਾਂ 'ਚ ਦੁੱਖ ਅਤੇ ਨਿਰਾਸ਼ਾ ਫੈਲ ਗਈ, ਪਰ ਕੁਲਰਾਜ ਕੌਰ ਨੇ ਡੱਟ ਕੇ ਇਸ ਬਿਮਾਰੀ ਦਾ ਸਾਹਮਣਾ ਕੀਤਾ। ਇਸ ਸਾਰੇ ਦੌਰ ਵਿਚ ਕੁਲਰਾਜ ਦੇ ਪਤੀ ਰਣਬੀਰ ਭੁੱਲਰ ਤੋਂ ਇਲਾਵਾ ਸਹੁਰੇ ਅਤੇ ਪੇਕੇ ਪਰਿਵਾਰ ਵੱਲੋਂ ਵੀ ਪੂਰੀ ਵਾਹ ਲਾਈ ਗਈ। ਬੁੱਧਵਾਰ ਦੁਪਹਿਰ ਫਿਰੋਜ਼ਪੁਰ ਛਾਉਣੀ ਦੇ ਸ਼ਮਸ਼ਾਨ ਘਾਟ ਵਿਖੇ ਕੁਲਰਾਜ ਕੌਰ ਦਾ ਸਸਕਾਰ ਕਰ ਦਿੱਤਾ ਗਿਆ। ਇਸ ਦੌਰਾਨ ਸਿਆਸੀ, ਧਾਰਮਿਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਆਗੂਆਂ ਤੋਂ ਇਲਾਵਾ ਸਮਾਜ ਦੇ ਹਰ ਵਰਗ ਦੇ ਲੋਕ ਹਜ਼ਾਰਾਂ ਲੋਕ ਹਾਜ਼ਰ ਸਨ। ਜਿਸ ਵਿਚ ਸਿੱਖਿਆ, ਪੱਤਰਕਾਰ ਭਾਈਚਾਰਾ, ਵਪਾਰ ਮੰਡਲ, ਫਿਲਮੀ ਅਦਾਕਾਰਾਂ, ਸਮਾਜ ਸੇਵੀਂ ਸੰਸਥਾਵਾਂ ਦੇ ਆਗੂਆਂ ਅਤੇ ਹੋਰ ਜਥੇਬੰਦੀਆਂ ਨੇ ਪਹੁੰਚ ਕੇ ਕੁਲਰਾਜ ਕੋਰ ਦੇ ਪਤੀ ਰਣਬੀਰ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਆਮ ਆਦਮੀ ਪਾਰਟੀ ਨਾਲ ਦੁੱਖ ਸਾਂਝਾ ਕੀਤਾ।

...................................................

ਬਾਕਸ

ਕੈਂਸਰ ਨਾਲ ਭਰੇ ਪਏ ਹਨ ਹਸਪਤਾਲ, ਪਰ ਜ਼ਿਲ੍ਹੇ ਦੇ ਸਰਕਾਰੀ ਆਂਕੜੇ ਮਹਿਜ 315 ਮਰੀਜ਼

ਕੁਦਰਤ ਨਾਲ ਛੇੜਛਾੜ ਅਤੇ ਫੈਕਟਰੀਆਂ ਵਿਚ ਬੋਰ ਕਰਕੇ ਧਰਤੀ ਹੇਠ ਭੇਜੇ ਜਾ ਰਹੇ ਦੂਸ਼ਿਤ ਪਾਣੀ ਕਾਰਨ ਮਾਲਵੇ ਦੀ ਧਰਤੀ ਬੜੀ ਬੂਰੀ ਤਰ੍ਹਾਂ ਕੈਂਸਰ ਦੀ ਮਾਰ ਹੇਠ ਆ ਰਹੀ ਹੈ। ਭਾਵੇਂ ਕਿ ਮਾਲਵੇ ਦੇ ਬਠਿੰਡਾ ਅਤੇ ਗੁਆਂਢੀ ਸ਼ਹਿਰ ਬੀਕਾਨੇਰ ਵਿਚ ਕੈਂਸਰ ਹਸਪਤਾਲ ਮਾਲਵੇ ਦੇ ਮਰੀਜਾਂ ਨਾਲ ਭਰੇ ਪਏ ਹਨ , ਪਰ ਜ਼ਿਲ੍ਹੇ ਦੇ ਸਰਕਾਰੀ ਅੰਕੜੇ ਸਿਰਫ 315 ਮਰੀਜ਼ ਹੀ ਕੈਂਸਰ ਨਾਲ ਪੀੜਤ ਦੱਸਦੇ ਹਨ।