ਜਤਿੰਦਰ ਸਿੰਘ ਭੰਵਰਾ, ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਸ੍ਰੀ ਮੁਕਤਸਰ ਸਾਹਿਬ ਦੇ ਚੇਅਰਮੈਨ ਜ਼ਿਲ੍ਹਾ ਤੇ ਸੈਸ਼ਨਜ਼ ਜੱਜ ਅਰੁਨਵੀਰ ਵਸ਼ਿਸਟ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਥਾਰਟੀ ਦੇ ਸਕੱਤਰ ਪਿ੍ਰਤਪਾਲ ਸਿੰਘ, ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੁਆਰਾ ਜ਼ਿਲ੍ਹਾ ਜ਼ੇਲ ਸ੍ਰੀ ਮੁਕਤਸਰ ਸਾਹਿਬ ਦਾ ਦੌਰਾ ਕੀਤਾ ਗਿਆ। ਇਸ ਮੌਕੇ ਹਵਾਲਾਤੀਆਂ/ਕੈਦੀਆਂ ਨੂੰ ਮਿਲਣ ਵਾਲੀ ਮੁਫ਼ਤ ਕਾਨੂੰਨੀ ਸਹਾਇਤਾ, ਪਲੀਅ ਬਾਰਗੇਨਿੰਗ, ਅਪੀਲ ਦਾ ਹੱਕ, ਅਪੀਲ ਪਾਉਣ ਦੀ ਹੱਦ ਅਤੇ ਧਾਰਾ 436 ਸੀਆਰਪੀਸੀ ਅਧੀਨ ਲਾਭ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੋਈ ਵੀ ਹਿਰਾਸਤੀ ਵਿਅਕਤੀ ਆਪਣੇ ਕੇਸ ਦੀ ਪੈਰਵੀ ਲਈ ਵਕੀਲਾਂ ਦੀਆਂ ਸੇਵਾਵਾਂ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਮੁਫ਼ਤ ਹਾਸਲ ਕਰ ਸਕਦਾ ਹੈ। ਸੈਮੀਨਾਰ ਦੌਰਾਨ ਜੱਜ ਸਾਹਿਬ ਨੇ ਹਾਜ਼ਰ ਹਵਾਲਾਤੀਆਂ/ਕੈਦੀਆਂ ਤੇ ਜ਼ੇਲ੍ਹ ਸਟਾਫ਼ ਨੂੰ ਭਾਰਤ ਦੇ ਸੰਵਿਧਾਨ ਵਿਚ ਦਰਜ ਬੁਨਿਆਦੀ ਫਰਜ ਨਿਭਾਉਣ ਸਬੰਧੀ ਵੀ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਆਪਣੇ ਬੁਨਿਆਦੀ ਫਰਜ ਨਿਭਾ ਕੇ ਹਰ ਕੋਈ ਸੰਵਿਧਾਨ ਅਧੀਨ ਆਪਣੇ ਬੁਨਿਆਦੀ ਹੱਕਾਂ ਦਾ ਲਾਭ ਲੈ ਸਕਦਾ ਹੈ। ਇਸ ਦੌਰਾਨ ਸੀਜੇਐੱਮ ਵੱਲੋਂ ਹਵਾਲਾਤੀਆਂ/ਕੈਦੀਆਂ ਦੀਆਂ ਪਰੇਸ਼ਾਨੀਆਂ ਸੁਣੀਆਂ ਗਈਆਂ ਤੇ ਉਨ੍ਹਾਂ ਦਾ ਮੌਕੇ 'ਤੇ ਹੀ ਨਿਪਟਾਰਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਸਮੇਂ-ਸਮੇਂ ਤੇ ਲੋਕ ਅਦਾਲਤਾਂ ਦਾ ਗਠਨ ਕੀਤਾ ਜਾਂਦਾ ਹੈ।