v> ਪਰਮਿੰਦਰ ਸਿੰਘ ਥਿੰਦ , ਫਿਰੋਜ਼ਪੁਰ : ਲੁੱਟਾਂ ਖੋਹਾਂ, ਚੋਰੀਆਂ, ਮੋਬਾਇਲ ਸਨੈਚਿੰਗ ਅਤੇ ਆਏ ਦਿਨ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਫਿਰੋਜ਼ਪੁਰ ਵਿਚ ਲਗਾਤਾਰ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ।ਗੋਲੀਬਾਰੀ ਦੇ ਇਸੇ ਸਿਲਸਿਲੇ ਨੂੰ ਅੱਗੇ ਤੋਰਦਿਆਂ ਬੀਤੀ ਦੇਰ ਰਾਤ ਆਈ ਟਵੰਟੀ ਕਾਰ ਸਵਾਰ ਚਾਰ ਹਮਲਾਵਰਾਂ ਨੇ ਮਾਰਕੀਟਿੰਗ ਦਾ ਕੰਮ ਕਰਦੇ ਇਕ ਵਿਅਕਤੀ ਦੇ ਘਰ 'ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ ,ਜਿਸ ਕਾਰਨ ਉਕਤ ਸੇਲਜ ਐਗਜ਼ੈਕਟਿਵ ਗੰਭੀਰ ਜ਼ਖ਼ਮੀ ਹੋ ਗਿਆ ।ਜ਼ਖਮੀ ਹਾਲਤ ਵਿਚ ਉਸ ਨੂੰ ਸਥਾਨਕ ਸਿਵਲ ਹਸਪਤਾਲ ਲਿਜਾਇਆ ਗਿਆ, ਜਿਥੋਂ ਡਾਕਟਰਾਂ ਵੱਲੋਂ ਉਸ ਦੀ ਹਾਲਤ ਗੰਭੀਰ ਵੇਖਦਿਆਂ ਉਸ ਨੂੰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਰੈਫਰ ਕਰ ਦਿੱਤਾ ਗਿਆ । ਇਸ ਸਬੰਧ ਵਿਚ ਥਾਣਾ ਸਿਟੀ ਫਿਰੋਜ਼ਪੁਰ ਦੀ ਪੁਲਿਸ ਨੇ ਅਣਪਛਾਤੇ ਕਾਰ ਸਵਾਰਾਂ ਖਿਲਾਫ 307, 34 ਆਈਪੀਸੀ ਅਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਜਸਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਮਕਾਨ ਨੰਬਰ 714 (ਐੱਲਆਈਜੀ) ਹਾਊਸਿੰਗ ਬੋਰਡ ਕਾਲੌਨੀ ਫਿਰੋਜ਼ਪੁਰ ਸ਼ਹਿਰ ਨੇ ਦੱਸਿਆ ਕਿ ਉਹ ਮਾਰਕੀਟਿੰਗ ਵਾ ਸੈਲਜ਼ ਦਾ ਕੰਮ ਕਰਦਾ ਹੈ। ਜਸਮੀਤ ਸਿੰਘ ਨੇ ਦੱਸਿਆ ਕਿ ਮਿਤੀ 3 ਮਾਰਚ 2021 ਦੀ ਰਾਤ ਨੂੰ ਕਰੀਬ ਸਾਢੇ 11 ਵਜੇ ਆਪਣੇ ਕੰਮ ਤੋਂ ਵਿਹਲਾ ਹੋ ਕੇ ਆਪਣੇ ਘਰ ਪਹੁੰਚ ਕੇ ਬੂਹਾ ਬੰਦ ਕਰਨ ਲੱਗਾ ਤਾਂ ਇਕ ਕਾਰ ਆਈ-20, ਜਿਸ ਵਿਚ 4 ਵਿਅਕਤੀ ਸਵਾਰ ਸਨ ਉਨ੍ਹਾਂ ਦੇ ਘਰ ਕੋਲ ਆ ਕੇ ਰੁਕੀ । ਕਾਰ ਵਿਚੋਂ ਇਕ ਅਣਪਛਾਤੇ ਵਿਅਕਤੀ ਨੇ ਉਤਰ ਕੇ ਉਸ ਨੂੰ ਮਾਰ ਦੇਣ ਦੀ ਨੀਯਤ ਨਾਲ ਫਾਇਰ ਕੀਤੇ, ਜਿਸ ਵਿਚੋਂ ਇਕ ਗੋਲੀ ਉਸ ਦੇ ਪੱਟ 'ਤੇ ਲੱਗੀ ਤੇ ਦੂਜਾ ਫਾਇਰ ਧਰਤੀ 'ਤੇ ਲੱਗਾ। ਜਸਮੀਤ ਸਿੰਘ ਨੇ ਦੱਸਿਆ ਕਿ ਉਕਤ ਦੋਸ਼ੀ ਇਸ ਘਟਨਾ ਨੂੰ ਅੰਜ਼ਾਮ ਦੇ ਕੇ ਕਾਰ ਵਿਚ ਬੈਠ ਕੇ ਮੌਕੇ ਤੋਂ ਫਰਾਰ ਹੋ ਗਏ। ਜਸਮੀਤ ਸਿੰਘ ਨੇ ਦੱਸਿਆ ਕਿ ਉਸ ਦੀ ਕਿਸੇ ਨਾਲ ਕੋਈ ਰੰਜ਼ਿਸ਼ ਨਹੀਂ ਹੈ ਤੇ ਉਸ ਨਹੀਂ ਪਤਾ ਕਿ ਕੌਣ ਮਾਰ ਦੇਣਾ ਚਾਹੁੰਦੇ ਹਨ। ਜਸਮੀਤ ਸਿੰਘ ਨੇ ਦੱਸਿਆ ਕਿ ਉਸ ਦਾ ਇਲਾਜ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇੇ ਚੱਲ ਰਿਹਾ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਕੁਲਦੀਪ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ 4 ਕਾਰ ਸਵਾਰਾਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।

Posted By: Tejinder Thind