ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਜ਼ਿਲ੍ਹੇ ਦੇ ਕਸਬਾ ਮੁਦਕੀ ਵਿਖੇ ਉਸ ਵੇਲੇ ਸਨਸਨੀ ਫੈਲ ਗਈ ਜਦੋਂ ਸੋਮਵਾਰ ਦੇਰ ਸ਼ਾਮ ਆਪਣੀ ਆੜ੍ਹਤ 'ਤੇ ਕੰਮ ਕਰ ਰਹੇ ਬਲਾਕ ਕਾਂਗਰਸ ਪ੍ਰਧਾਨ ਕਮਲ ਅਗਰਵਾਲ 'ਤੇ ਇਕ ਵਿਅਕਤੀ ਨੇ ਕਾਤਲਾਨਾ ਹਮਲਾ ਕਰ ਦਿੱਤਾ।

ਹਮਲਾਵਰ ਵੱਲੋਂ ਚਲਾਈਆਂ ਗੋਲ਼ੀਆਂ ਆੜ੍ਹਤ 'ਤੇ ਕੰਮ ਕਰਦੇ ਇਕ ਮਜ਼ਦੂਰ ਦੇ ਲੱਗੀਆਂ, ਜਿਸਦੀ ਮੌਕੇ 'ਤੇ ਹੀ ਮੌਤ ਹੋ ਗਈ। ਹਮਲਾਵਰ ਕੋਈ ਹੋਰ ਕੋਸ਼ਿਸ਼ ਕਰਦਾ ਇਸ ਤੋਂ ਪਹਿਲਾਂ ਹੀ ਮੌਕੇ 'ਤੇ ਮੌਜੂਦ ਬਲਜੀਤ ਨਾਂ ਦੇ ਵਿਅਕਤੀ ਵੱਲੋਂ ਜੱਫਾ ਮਾਰ ਕੇ ਉਸ ਨੂੰ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਹਮਲਾਵਰ ਦੀ ਪਛਾਣ ਸੁਪਾਰੀ ਕਿਲਰ ਰਵਿੰਦਰ ਸਿੰਘ ਵਜੋਂ ਹੋਈ ਹੈ ਜੋ ਪਹਿਲਾਂ ਵੀ ਕਤਲ ਦੇ ਕੇਸ 'ਚ ਭਗੌੜਾ ਦੱਸਿਆ ਜਾ ਰਿਹਾ ਹੈ। ਪੁਲਿਸ ਨੂੰ ਉਸ ਦੇ ਕਬਜ਼ੇ 'ਚੋਂ ਦੋ ਪਿਸਤੌਲ 9 ਐੱਮਐੱਮ ਅਤੇ 32 ਬੋਰ ਬਰਾਮਦ ਹੋਏ ਦੱਸੇ ਜਾ ਰਹੇ ਹਨ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਬਲਾਕ ਕਾਂਗਰਸ ਪ੍ਰਧਾਨ ਕਮਲ ਅਗਰਵਾਲ ਨੇ ਦੱਸਿਆ ਕਿ ਸੋਮਵਾਰ ਸ਼ਾਮ ਜਦੋਂ ਉਹ ਆਪਣੀ ਆੜ੍ਹਤ ਦੇ ਫੜ੍ਹ 'ਤੇ ਬਾਸੂ ਸੀ ਦੀ ਖ਼ਰੀਦ ਕਰ ਰਹੇ ਸਨ ਤਾਂ ਰਵਿੰਦਰ ਨਾਂ ਦੇ ਵਿਅਕਤੀ ਨੇ ਆਉਂਦੇ ਹੀ ਉਨ੍ਹਾਂ 'ਤੇ ਗੋਲ਼ੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਜੋ ਉਨ੍ਹਾਂ ਦੀ ਦੁਕਾਨ 'ਤੇ ਕੰਮ ਕਰਦੇ 27 ਸਾਲਾ ਮਜ਼ਦੂਰ ਰਵੀ ਪੁੱਤਰ ਕਾਲਾ ਸਿੰਘ ਦੇ ਲੱਗੀਆਂ। ਇਸ ਤੋਂ ਪਹਿਲਾਂ ਕਿ ਹਮਲਾਵਰ ਕੋਈ ਹੋਰ ਗੋਲ਼ੀ ਚਲਾਉਂਦਾ, ਮੌਕੇ 'ਤੇ ਮੌਜੂਦ ਲੋਕਾਂ ਨੇ ਜੱਫਾ ਮਾਰ ਕੇ ਉਸ ਨੂੰ ਫੜ ਲਿਆ। ਇਸ ਸਬੰਧੀ ਪੁਲਿਸ ਥਾਣਾ ਘੱਲਖੁਰਦ ਦੇ ਮੁਖੀ ਕਿਰਪਾਲ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।