ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੰਜਾਬ ਦੇ ਸੂਬਾਈ ਪ੍ਰਧਾਨ ਲਈ ਸੋਚਾਂ 'ਚ ਪਈ ਭਾਜਪਾ ਕੇਂਦਰੀ ਲੀਡਰਸ਼ਿਪ ਨੂੰ ਸਾਲ 2019 ਇਕ ਅਜਿਹਾ ਜ਼ਖ਼ਮ ਦੇ ਗਿਆ ਜੋ ਸ਼ਾਇਦ ਨੇੜੇ ਭਵਿੱਖ 'ਚ ਭਰਦਾ ਨਜ਼ਰ ਨਹੀਂ ਆ ਰਿਹਾ। ਦੀਵਾਲੀ ਵਾਲੀ ਮੰਦਭਾਗੀ ਸਵੇਰ ਪੰਜਾਬ ਭਾਜਪਾ ਦਾ ਨਾਮਵਰ, ਮਿਹਨਤੀ ਤੇ ਹਰਦਿਲ ਅਜੀਜ਼ ਨੇਤਾ ਕਮਲ ਸ਼ਰਮਾ ਅਚਾਨਕ ਇਸ ਫਾਨੀ ਦੁਨੀਆ ਤੋਂ ਰੁਖ਼ਸਤ ਹੋ ਗਿਆ।

ਭਾਜਪਾ ਨੂੰ ਪੰਜਾਬ 'ਚ 23 ਲੱਖ ਤੋਂ ਵੱਧ ਮੈਂਬਰਾਂ ਵਾਲੀ ਪਾਰਟੀ ਕਰਨ ਵਾਲੇ ਕਮਲ ਸ਼ਰਮਾ ਦੇ ਤੁਰ ਜਾਣ ਨਾਲ ਜਿਥੇ ਭਾਜਪਾ ਦਾ 'ਮਿਸ਼ਨ 2022' ਬੁਰੀ ਤਰਾਂ ਖ਼ਤਮ ਹੋ ਗਿਆ, ਉਥੇ ਭਾਜਪਾ ਦੀ ਸੂਬਾਈ ਲੀਡਰਸ਼ਿਪ ਲਈ ਇਕ ਅਜਿਹਾ ਖਲਾਅ ਪੈਦਾ ਹੋ ਗਿਆ ਜੋ ਛੇਤੀ ਭਰਦਾ ਨਜ਼ਰ ਨਹੀਂ ਆ ਰਿਹਾ। ਇਹੋ ਕਾਰਨ ਹੈ ਕਿ ਭਾਜਪਾ ਦੇ ਸੂਬਾਈ ਪ੍ਰਧਾਨ ਦਾ ਐਲਾਨ ਕਰਨ 'ਚ ਭਾਜਪਾ ਨੂੰ ਕਾਫੀ ਸਮਾਂ ਲੱਗ ਰਿਹਾ ਹੈ।

ਅਸਲ ਵਿਚ ਕਮਲ ਸ਼ਰਮਾ ਦੇ ਤੁਰ ਜਾਣ ਮਗਰੋਂ ਪੰਜਾਬ 'ਚ ਭਾਰਤੀ ਜਨਤਾ ਪਾਰਟੀ ਪੈਰਾਂ ਭਾਰ ਹੀ ਨਹੀਂ ਹੋ ਪਾ ਰਹੀ ਹੈ। ਭਾਜਪਾ ਲਈ ਦੁਚਿੱਤੀ ਦਾ ਆਲਮ ਇਹ ਹੈ ਕਿ ਪਹਿਲੋਂ ਉਸ ਦਾ ਮਿਸ਼ਨ 2022 ਦਾ ਸੁਪਨਾ ਟੁੱਟਿਆ, ਹੁਣ ਪ੍ਰਧਾਨਗੀ ਲਈ ਕਮਲ ਦੇ ਕੱਦ ਦਾ ਕੋਈ ਨੇਤਾ ਹੀ ਨਜ਼ਰ ਨਹੀਂ ਆ ਰਿਹਾ ਹੈ।

ਭਰੋਸੇਯੋਗ ਭਾਜਪਾਈ ਸੂਤਰਾਂ ਮੁਤਾਬਿਕ ਕਮਲ ਸ਼ਰਮਾ ਦੀ ਮੌਤ ਤੋਂ ਕੁੱਝ ਦਿਨ ਪਹਿਲੋਂ ਹੀ ਭਾਜਪਾਈ ਸਫਾਂ 'ਚ ਚਰਚਾ ਸੀ ਕਿ ਕਮਲ ਸ਼ਰਮਾ ਨੂੰ ਕਿਸੇ ਵੀ ਸਮੇਂ ਸੂਬਾ ਪ੍ਰਧਾਨ ਐਲਾਨਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਦੇ ਨਾਲ ਹੀ ਨਾਲ ਕੋਈ ਵੱਡੀ ਜ਼ਿੰਮੇਵਾਰੀ ਹੋਰ ਵੀ ਦਿੱਤੀ ਜਾ ਸੱਕਦੀ ਹੈ।

ਕਮਲ ਸ਼ਰਮਾ 'ਚ ਵਿਖਿਆ ਸੀ 'ਮਿਸ਼ਨ 2022' ਦਾ ਚਿਹਰਾ

ਸਾਲ 2019 ਦੀਆਂ ਪਾਰਲੀਮੈਂਟ ਚੋਣਾਂ 'ਚ ਪੰਜਾਬ ਅੰਦਰ ਅਕਾਲੀ ਭਾਜਪਾ ਗਠਜੋੜ ਨੂੰ ਸਿਰਫ ਚਾਰ ਹੀ ਸੀਟਾਂ ਮਿਲੀਆਂ। ਇਥੇ ਗਠਜੋੜ ਦੇ ਲਿਹਾਜ਼ ਨਾਲ ਭਾਵੇਂ ਕਾਫੀ ਮੰਦੀ ਹਾਲਤ ਆਖੀ ਜਾ ਸਕਦੀ ਹੈ, ਪਰ ਆਪਣੇ ਹਿੱਸੇ ਦੀਆਂ ਤਿੰਨ ਸੀਟਾਂ 'ਚੋਂ ਦੋ ਜਿੱਤ ਕੇ ਭਾਜਪਾ ਦਾ ਨਤੀਜਾ ਤਸੱਲੀਬਖ਼ਸ਼ ਰਿਹਾ।

ਇਥੇ ਕਮਲ ਸ਼ਰਮਾ ਦੇ ਹੱਕ 'ਚ ਜਾਂਦੀ ਗੱਲ ਇਹ ਸੀ ਕਿ ਪਹਿਲੋਂ ਤਾਂ ਉਨ੍ਹਾਂ ਦੇ ਜਿੰਮੇਂ ਲੱਗੀ ਗੁਰਦਾਸਪੁਰ ਸੀਟ ਤੋਂ ਭਾਜਪਾ ਦੇ ਸੰਨੀ ਦਿਓਲ ਕਾਂਗਰਸ ਦੇ ਕੱਦਾਵਰ ਨੇਤਾ ਸੁਨੀਲ ਜਾਖੜ ਤੋਂ ਵੱਡੇ ਫਰਕ ਨਾਲ ਜਿੱਤ ਗਏ, ਫਿਰ ਹੁਸ਼ਿਆਰਪੁਰ ਸੀਟ ਤੋਂ ਉਨ੍ਹਾ ਦੇ ਕਰੀਬੀ ਸਾਥੀ ਸੋਮ ਪ੍ਰਕਾਸ਼ ਵੀ ਚੋਣ ਜਿੱਤ ਗਏ। ਤੀਜੀ ਸੱਭ ਤੋਂ ਵੱਡੀ ਕਾਮਯਾਬੀ ਇਹ ਰਹੀ ਕਿ ਉਨ੍ਹਾਂ ਦੇ ਗ੍ਰਹਿ ਹਲਕੇ ਫਿਰੋਜ਼ਪੁਰ ਤੋਂ ਭਾਈਵਾਲ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੋ ਲੱਖ ਵੋਟਾਂ 'ਤੇ ਜੇਤੂ ਰਹੇ। ਇਸੇ ਦੇ ਚੱਲਦਿਆਂ ਪਾਰਟੀ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 'ਇਕੱਲਿਆਂ ਚੋਣ ਲੜਣ' ਦਾ ਲਿਆ ਸੁਪਨਾ ਉਨ੍ਹਾਂ ਨੂੰ ਕਮਲ ਸ਼ਰਮਾ ਦੇ ਰੂਪ 'ਚ ਪੂਰਾ ਹੁੰਦਾ ਨਜ਼ਰ ਆ ਰਿਹਾ ਸੀ।

ਕੀ ਸੀ ਭਾਜਪਾ ਦੇ ਮਿਸ਼ਨ 2022

ਦੇਸ਼ ਦੀ ਗਠਜੋੜ ਸਿਆਸਤ 'ਚ ਸਮੇਂ-ਸਮੇਂ 'ਤੇ ਖੇਤਰੀ ਪਾਰਟੀਆਂ ਵੱਲੋਂ ਵੱਡੇ ਭਾਗੀਦਾਰਾਂ ਨੂੰ ਅੱਖਾਂ ਵਿਖਾਏ ਜਾਣ ਦੇ ਚੱਲ ਰਹੇ ਸਿਲਸਿਲੇ ਕਾਰਨ ਭਾਰਤੀ ਜਨਤਾ ਪਾਰਟੀ ਆਲਾ ਕਮਾਨ ਵੱਲੋਂ ਲਗਪਗ ਹਰ ਸੂਬੇ ਅੰਦਰ ਆਪਣੇ ਆਪ ਨੂੰ ਪੈਰਾਂ ਭਾਰ ਕੀਤਾ ਜਾ ਰਿਹਾ ਹੈ। ਇਸੇ ਤਹਿਤ 2019 ਲੋਕ ਸਭਾ ਚੋਣਾਂ 'ਚ ਪੰਜਾਬ ਅੰਦਰ ਸੱਭ ਤੋਂ ਵਧੀਆ ਪ੍ਰਫਾਰਮੈਂਸ ਦੇਣ ਵਾਲੇ ਕਮਲ ਸ਼ਰਮਾ ਦੇ ਰੂਪ 'ਚ ਭਾਜਪਾ ਨੂੰ ਇਕ ਅਜਿਹਾ ਚਿਹਰਾ ਨਜ਼ਰ ਆ ਰਿਹਾ ਸੀ ਜੋ ਵਕਤ ਆਉਣ 'ਤੇ ਆਪਣੇ ਬਲ 'ਤੇ ਪੰਜਾਬ ਅੰਦਰ ਬਿਨ੍ਹਾਂ ਗਠਜੋੜ ਭਾਜਪਾ ਦੀ ਅਗਵਾਈ ਕਰ ਸਕਦਾ ਸੀ। ਸੂਤਰਾਂ ਮੁਤਾਬਿਕ ਕਮਲ ਸ਼ਰਮਾ ਦੇ ਦੇਹਾਂਤ ਤੋਂ ਪਹਿਲਾਂ ਪੰਜਾਬ ਦੇ 45 ਤੋਂ 50 ਵਿਧਾਇਕ ਕਮਲ ਦੇ ਚੰਗੇ ਸੰਪਰਕ 'ਚ ਸਨ।

ਕਮਲ ਦੇ ਨਾਲ ਹੀ ਮਿਸ਼ਨ 2022 ਨੇ ਵੀ ਦਮ ਤੋੜਿਆ

ਕਮਲ ਸ਼ਰਮਾ ਦੇ ਨਾਲ ਹੀ ਭਾਜਪਾ ਦੇ ਮਿਸ਼ਨ 2022 ਦੇ ਦਮ ਤੋੜ ਜਾਣ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਭਾਜਪਾ ਵੱਲੋਂ ਬਲਵੰਤ ਸਿੰਘ ਰਾਜੋਆਣਾ ਦੀ ਮਾਫ਼ ਕੀਤੀ ਫਾਂਸੀ ਦੀ ਸਜ਼ਾ ਜੋ 2022 ਚੋਣਾਂ ਇਕੱਲਿਆਂ ਲੜਣ ਮੌਕੇ ਕਥਿਤ ਤੌਰ 'ਤੇ ਕੰਮ ਆ ਸਕਦੀ ਸੀ, ਉਸ ਦਾ ਹੁਣ ਕੋਈ ਮਤਲਬ ਨਹੀਂ ਰਹਿ ਜਾਂਦਾ ਸੀ। ਸ਼ਾਇਦ ਇਹੋ ਕਾਰਨ ਹੈ ਕਿ ਪਾਰਟੀ ਵੱਲੋਂ ਪਿਛਾਂਹ ਕਦਮ ਲੈਂਦਿਆਂ ਲੋਕ ਸਭਾ ਵਿਚ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅਜਿਹੀ ਕਿਸੇ ਵੀ ਮਾਫ਼ੀ ਨੂੰ ਅਖ਼ਬਾਰੀ ਸੁਰਖੀਆਂ ਆਖ ਕੇ ਪਾਰਟੀ ਦਾ ਸਟੈਂਡ ਸਾਫ਼ ਕਰ ਦਿੱਤਾ।