ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੱਧੂ ਦੀ ਆਪਸ 'ਚ ਬਣੇ ਨਾ ਬਣੇ ਪਰ ਜਿਸ ਮੌਕੇ ਪੰਜਾਬ ਨੂੰ ਬਿਜਲੀ ਮੰਤਰੀ ਦੀ ਸਭ ਤੋਂ ਜ਼ਿਆਦਾ ਲੋੜ ਸੀ, ਉਸ ਵੇਲੇ ਨਵਜੋਤ ਸਿੱਧੂ ਲੰਮਾਂ ਸਮਾਂ ਅਹੁਦੇ ਦਾ ਚਾਰਜ਼ ਹੀ ਨਹੀਂ ਸੰਭਾਲ ਰਹੇ। ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਭਾਜਪਾ ਕੌਮੀ ਕਾਰਜਕਾਰਨੀ ਮੈਂਬਰ ਕਮਲ ਸ਼ਰਮਾ ਨੇ ਸਥਾਨਕ ਮਾਡਰਨ ਪਲਾਜ਼ਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਕਮਲ ਸ਼ਰਮਾ ਇਥੇ ਭਾਜਪਾ ਦੀ ਮੈਂਬਰਸ਼ਿਪ ਕਾਰਜਸ਼ਾਲਾ ਵਿਚ ਪਾਰਟੀ ਮੈਂਬਰਸ਼ਿਪ ਸਬੰਧੀ ਪਾਰਟੀ ਵਰਕਰਾਂ ਅਤੇ ਅਹੁਦੇਦਾਰਾਂ ਨੂੰ ਸੰਬੋਧਨ ਕਰਨ ਲਈ ਆਏ ਹੋਏ ਸਨ। ਕਮਲ ਸ਼ਰਮਾ ਨੇ ਆਖਿਆ ਕਿ ਪੰਜਾਬ ਵਿਚ ਇਸ ਵੇਲੇ ਅਫਰਾ ਤਫਰੀ ਦਾ ਆਲਮ ਹੈ। ਜੇਲ੍ਹਾਂ ਤੋਂ ਲੈ ਕੇ ਲੋਕਲ ਬਾਡੀਜ਼ ਤੱਕ , ਬਿਜਲੀ ਮਹਿਕਮੇ ਤੋਂ ਲੈ ਕੇ ਇੰਡਸਟਰੀ ਤੱਕ, ਕਿਸੇ ਵੀ ਪਾਸੇ ਸਰਕਾਰ ਦਾ ਧਿਆਨ ਨਜ਼ਰ ਨਹੀਂ ਆ ਰਿਹਾ ਹੈ। ਸੂਬੇ ਵਿਚ ਕੋਈ ਵੀ ਮਹਿਕਮਾ ਅਜਿਹਾ ਨਹੀਂ ,ਜਿਥੇ ਅਫਸਰ ਜਾਂ ਵਜ਼ੀਰ ਪੂਰੀ ਤਨਦੇਹੀ ਨਾਲ ਕੰਮ ਕਰ ਰਿਹਾ ਹੋਵੇ, ਕਾਂਗਰਸ ਦੀ ਸਰਕਾਰ ਪੂਰੀ ਤਰ੍ਹਾਂ ਲੱਕਵੇ ਦੀ ਸ਼ਿਕਾਰ ਹੋ ਕੇ ਰਹਿ ਗਈ ਹੈ । ਕਮਲ ਸ਼ਰਮਾ ਨੇ ਆਖਿਆ ਕਿ ਮੁੱਖ ਮੰਤਰੀ ਦਾ ਕੰਮ ਕਾਜ ਵਿਚ ਕੋਈ ਧਿਆਨ ਨਹੀਂ ਹੈ , ਹਲਾਤ ਇਹ ਹਨ ਕਿ ਇਹ ਹੀ ਪਤਾ ਨਹੀਂ ਲੱਗਦਾ ਕਿ ਮੁੱਖ ਮੰਤਰੀ ਦਾ ਧਿਆਨ ਕਿਧਰ ਹੈ। ਇਕ ਸਵਾਲ ਦੇ ਜਵਾਬ ਵਿਚ ਕਮਲ ਸ਼ਰਮਾ ਨੇ ਆਖਿਆ ਕਿ ਜਦੋਂ ਸੂਬੇ ਨੂੰ ਬਿਜਲੀ ਮੰਤਰੀ ਦੀ ਸਖਤ ਜ਼ਰੂਰਤ ਸੀ , ਜਿਸ ਸਮੇਂ ਝੋਨੇ ਦੀ ਬਿਜਾਈ ਹੋ ਰਹੀ ਸੀ ਅਤੇ ਆਮ ਲੋਕਾਂ ਨੂੰ ਵੀ ਬਿਜਲੀ ਦੀ ਅਹਿਮ ਜ਼ਰੂਰਤ ਸੀ। ਉਸ ਵੇਲੇ ਸੂਬਾ ਬਿਨ੍ਹਾ ਬਿਜਲੀ ਮੰਤਰੀ ਦੇ ਚੱਲ ਰਿਹਾ ਹੈ। ਭਾਜਪਾ ਦੀ ਮੈਂਬਰਸ਼ਿਪ ਸਬੰਧੀ ਬੋਲਦਿਆਂ ਕਮਲ ਸ਼ਰਮਾ ਨੇ ਆਖਿਆ ਕਿ ੳਹ ਖੁੱਲੀ ਮੈਂਬਰਸ਼ਿਪ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਉਹ 20 ਫੀਸਦੀ ਮੈਂਬਰਸ਼ਿਪ ਕਰ ਰਹੇ ਹਨ। ਉਨ੍ਹਾਂ ਆਖਿਆ ਕਿ ਪਿਛਲੀ ਵਾਰੀ ਜਦੋਂ ਮੈਂਬਰਸ਼ਿਪ ਕੀਤੀ ਸੀ ਤਾਂ ਪੂਰੇ ਭਾਰਤ ਵਿਚ ਭਾਜਪਾ ਨੇ 11 ਕਰੋੜ ਮੈਂਬਰ ਬਣਾਏ ਸਨ ਅਤੇ ਪੰਜਾਬ ਵਿਚ 23 ਲੱਖ ਮੈਂਬਰ ਬਣਾਏ ਸਨ। ਹੁਣ ਉਨ੍ਹਾ 20 ਫੀਸਦੀ ਦੇ ਹਿਸਾਬ ਨਾਲ ਕਰੀਬ 5 ਲੱਖ ਮੈਂਬਰ ਬਨਾਉਣੇ ਹਨ ਪਰ ਪਹਿਲੇ ਪੰਜ ਦਿਨਾਂ ਵਿਚ ਹੀ ਤਿੰਨ ਲੱਖ ਮੈਂਬਰ ਹੋ ਚੁੱਕੇ ਹਨ। ਲੋਕਾਂ ਵਿਚ ਭਾਰਤੀ ਜਨਤਾ ਪਾਰਟੀ ਪ੍ਰਤੀ ਬਹੁਤ ਉਤਸ਼ਾਹ ਨਜ਼ਰ ਆ ਰਿਹਾ ਹੈ। ਪਾਣੀ ਦੇ ਹੇਠਾਂ ਜਾ ਰਹੇ ਪੱਧਰ ਅਤੇ ਲਗਾਤਾਰ ਪਲੀਤ ਹੋ ਰਹੇ ਪਾਣੀਂ ਸਬੰਧੀ ਕਮਲ ਸ਼ਰਮਾ ਨੇ ਆਖਿਆ ਕਿ ਸਾਰਿਆਂ ਨੂੰ ਪਾਰਟੀਬਾਜ਼ੀ ਤੋਂ ਉਪਰ ਉਠ ਕੇ ਹੱਲਾ ਮਾਰਣ ਦੀ ਲੋੜ ਹੈ। ਇਸ ਮੋਕੇ ਅਸ਼ਵਨੀ ਗਰੋਵਰ ਪ੍ਰਧਾਨ ਨਗਰ ਕੌਂਸਲ ਫਿਰੋਜ਼ਪੁਰ , ਅਮਨ ਗਿਰਧਰ ਪ੍ਰਧਾਨ ਭਾਰਤੀ ਜਨਤਾ ਪਾਰਟੀ ਜ਼ਿਲ੍ਹਾ ਫਿਰੋਜ਼ਪੁਰ, ਪਿ੍ਰੰਸੀਪਲ ਰਾਜੀਵ ਕੰਬੋਜ਼, ਬਲਵੰਤ ਸਿੰਘ ਰੱਖੜੀ ਸਾਬਕਾ ਚੇਅਰਮੈਨ, ਲਖਵਿੰਦਰ ਸਿੰਘ ਰੱਤੋਵਾਲ, ਸਾਬਕਾ ਸਰਪੰਚ ਬਲਵੀਰ ਸਿੰਘ, ਨੰਬਰਦਾਰ ਬੇਅੰਤ ਸਿੰਘ, ਬਾਬਾ ਗੁਰਬਚਨ, ਸਾਬਕਾ ਸਰਪੰਚ ਕੁਲਵਿੰਦਰ, ਲਖਵਿੰਦਰ ਸਿੰਘ, ਪ੍ਰਦੀਪ ਨੰਦਾ, ਗੁਰਪੀਤ ਿਢੱਲੋਂ ਹਾਜ਼ੀ ਵਾਲਾ, ਪੱਪੂ ਕਟਵਾਲ, ਸੁਰਿੰਦਰ ਬੇਦੀ, ਹਰਮੀਤ ਖਾਈ, ਬਲਕਰਨ ਹਾਜ਼ੀਵਾਲਾ, ਨਿਸ਼ਾਨ ਖਾਈ ਆਦਿ ਹਾਜ਼ਰ ਸਨ।