ਤੀਰਥ ਸਨ੍ਹੇਰ, ਜ਼ੀਰਾ (ਫਿਰੋਜ਼ਪੁਰ) : ਪਿੰਡ ਸ਼ਾਹ ਵਾਲਾ ਵਿਚ ਪ੍ਰਾਈਵੇਟ ਸਕੂਲ ਚਲਾਉਣ ਵਾਲੇ ਇਕ ਵਿਅਕਤੀ ਨੇ ਵੀਰਵਾਰ ਨੂੰ ਪਤਨੀ ਤੇ ਦੋ ਬੱਚਿਆਂ ਦੇ ਨਾਲ ਬਾਈਕ ਸਮੇਤ ਰਾਜਸਥਾਨ ਫੀਡਰ ਨਹਿਰ ਵਿਚ ਛਾਲ ਮਾਰ ਦਿੱਤੀ।

ਇਸ ਦੌਰਾਨ ਮੌਕੇ ’ਤੇ ਮੌਜੂਦ ਗੋਤਾਖੋਰਾਂ ਨੇ ਔਰਤ ਅਤੇ ਇਕ ਸਾਲ ਦੀ ਬੱਚੀ ਨੂੰ ਬਚਾ ਲਿਆ ਜਦਕਿ ਉਸ ਦਾ ਪਤੀ ਤੇ ਅੱਠ ਸਾਲਾ ਬੇਟਾ ਤੇਜ਼ ਵਹਾਅ ਵਿਚ ਰੁੜ੍ਹ ਗਏ। ਮਿ੍ਤਕਾਂ ਦੀ ਪਛਾਣ ਪਿੰਡ ਲੌਹੁਕੇ ਖ਼ੁਰਦ ਦੇ ਰਹਿਣ ਵਾਲੇ ਬੇਅੰਤ ਸਿੰਘ ਤੇ ਬੇਟੇ ਗੁਰਬਖ਼ਸ਼ ਸਿੰਘ ਦੇ ਰੂਪ ਵਿਚ ਹੋਈ ਹੈ।

ਮਿ੍ਤਕ ਦੇ ਭਰਾ ਸੁਖਵੰਤ ਸਿੰਘ, ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਆਗੂ ਵੀ ਹੈ, ਨੇ ਦੱਸਿਆ ਕਿ ਬੇਅੰਤ ਸਿੰਘ ਵੀਰਵਾਰ ਨੂੰ ਪਿੰਡ ਸੁਰਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਵਿਚ ਪਰਿਵਾਰ ਸਮੇਤ ਮੱਸਿਆ ’ਤੇ ਮਾਥਾ ਟੇਕ ਕੇ ਪਰਤ ਰਿਹਾ ਸੀ। ਬਾਈਕ ’ਤੇ ਉਸ ਨਾਲ ਪਤਨੀ ਵੀਰਜੀਤ ਕੌਰ, ਬੇਟਾ ਗੁਰਬਖ਼ਸ਼ ਸਿੰਘ ਅਤੇ ਬੇਟੀ ਰਹਿਮਤ ਕੌਰ ਸਵਾਰ ਸੀ।

ਦੁਪਹਿਰ ਲਗਪਗ ਢਾਈ ਵਜੇ ਉਹ ਇਕ ਵਾਰ ਰਾਜਸਥਾਨ ਫੀਡਰ ਨਹਿਰ ਨੂੰ ਪਾਰ ਕਰ ਗਿਆ ਪਰ ਕੁਝ ਦੂਰ ਜਾਣ ਤੋਂ ਬਾਅਦ ਉਹ ਫਿਰ ਪਰਤਿਆ ਅਤੇ ਬਾਈਕ ਸਮੇਤ ਨਹਿਰ ਵਿਚ ਛਾਲ ਮਾਰ ਦਿੱਤੀ।

ਸੁਖਵੰਤ ਮੁਤਾਬਕ ਬਾਈਕ ਨੂੰ ਨਹਿਰ ਵਿਚ ਡਿੱਗਦੇ ਦੇਖ ਉੱਥੇ ਬੈਠੇ ਗੋਤਾਖੋਰਾਂ ਨੇ ਉਨ੍ਹਾਂ ਨੂੰ ਬਚਾਉਣ ਲਈ ਨਹਿਰ ਵਿਚ ਛਾਲਾਂ ਮਾਰ ਦਿੱਤੀਆਂ ਅਤੇ ਉਨ੍ਹਾਂ ਨੇ ਵੀਰਜੀਤ ਕੌਰ ਤੇ ਬੇਟੀ ਰਹਿਮਤ ਕੌਰ ਨੂੰ ਬਚਾ ਲਿਆ ਪਰ ਬੇਅੰਤ ਤੇ ਗੁਰਬਖ਼ਸ਼ ਨੂੰ ਬਚਾਇਆ ਨਹੀਂ ਜਾ ਸਕਿਆ।

ਉਨ੍ਹਾਂ ਦੱਸਿਆ ਕਿ ਪਰਿਵਾਰ ਵਿਚ ਕੋਈ ਪਰੇਸ਼ਾਨੀ ਨਹੀਂ ਸੀ, ਬੇਅੰਤ ਨੇ ਇਹ ਕਦਮ ਕਿਉਂ ਚੁੱਕਿਆ ਕਿਸੇ ਨੂੰ ਪਤਾ ਨਹੀਂ ਹੈ। ਉੱਧਰ, ਘਟਨਾ ਦੀ ਜਾਣਕਾਰੀ ਮਿਲਦੇ ਹੀ ਵਿਧਾਇਕ ਕੁਲਬੀਰ ਸਿੰਘ ਜੀਰਾ ਤੇ ਐੱਸਡੀਐੱਮ ਰਣਜੀਤ ਸਿੰਘ ਮੌਕੇ ’ਤੇ ਪਹੁੰਚੇ।

Posted By: Jagjit Singh