ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਔਲਾਦ ਨਾ ਹੋਣ ਕਰਕੇ ਆਏ ਦਿਨ ਪਤੀ ਵੱਲੋਂ ਤੰਗ ਪ੍ਰੇਸ਼ਾਨ ਕਰਨ ਤੋਂ ਦੁਖੀ ਹੋ ਕੇ ਇਕ 24 ਸਾਲਾ ਵਿਆਹੁਤਾ ਨੇ ਦਵਾਈ ਪੀ ਕੇ ਖ਼ੁਦਕੁਸ਼ੀ ਕਰ ਲਈ । ਇਸ ਸਬੰਧ ਵਿਚ ਥਾਣਾ ਤਲਵੰਡੀ ਭਾਈ ਦੀ ਪੁਲਿਸ ਨੇ ਵਿਆਹੁਤਾ ਦੇ ਪਤੀ ਖਿਲਾਫ਼ 306 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਠਾਣਾ ਸਿੰਘ ਪੁੱਤਰ ਕਰਤਾਰ ਸਿੰਘ ਵਾਸੀ ਪਿੰਡ ਰਟੋਲ ਰੋਹੀ ਨੇ ਦੱਸਿਆ ਕਿ ਉਸ ਦੀ ਲੜਕੀ ਹਰਦੀਪ ਕੌਰ (24) ਦਾ ਵਿਆਹ ਅਰਸਾ ਕਰੀਬ 3 ਸਾਲ ਪਹਿਲਾ ਹਰਮਨਦੀਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਕਰਮਿੱਤੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਹਰਮਨਦੀਪ ਸਿੰਘ ਜੋ ਹਰਦੀਪ ਕੌਰ ਨੂੰ ਔਲਾਦ ਨਾ ਹੋਣ ਕਰਕੇ ਤੰਗ ਪ੍ਰੇਸ਼ਾਨ ਕਰਦਾ ਰਹਿੰਦਾ ਸੀ।

ਠਾਣਾ ਸਿੰਘ ਨੇ ਦੱਸਿਆ ਕਿ ਮਿਤੀ 23 ਫਰਵਰੀ 2021 ਨੂੰ ਰਾਤ 10 ਵਜੇ ਹਰਮਨਦੀਪ ਸਿੰਘ ਨੇ ਫੋਨ ਕਰਕੇ ਕਿਹਾ ਕਿ ਹਰਦੀਪ ਕੌਰ ਨੇ ਦਵਾਈ ਪੀ ਲਈ ਹੈ, ਜਦ ਉਹ ਮੌਕੇ ਤੇ ਪਹੁੰਚੇ ਤਾਂ ਹਰਦੀਪ ਕੌਰ ਦੀ ਲਾਸ਼ ਵਿਹੜੇ ਵਿਚ ਪਈ ਸੀ। ਠਾਣਾ ਸਿੰਘ ਨੇ ਦੱਸਿਆ ਕਿ ਹਰਦੀਪ ਕੌਰ ਮ੍ਰਿਤਕਾ ਨੇ ਦੋਸ਼ੀ ਹਰਮਨਦੀਪ ਸਿੰਘ ਤੋਂ ਦੁਖੀ ਹੋ ਕੇ ਦਵਾਈ ਪੀਤੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਵਿਆਹੁਤਾ ਦੇ ਪਤੀ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Posted By: Tejinder Thind