ਫੈਡਰੇਸ਼ਨ ਮਹਿਤਾ ਦੇ ਹੱਥੇ ਚੜ੍ਹਿਆ ਪਾਖੰਡੀ ਬਾਬਾ, ਗੱਦੀ ਲਾਉਣ ਤੋਂ ਕੀਤੀ ਤੌਬਾ
ਪਾਖੰਡੀ ਬਾਬਾ ਫੈਡਰੇਸ਼ਨ ਮਹਿਤਾ ਦੇ ਅੜਿੱਕੇ ਚੜਿਆ ਤੇ ਗੱਦੀ ਲਾਉਣ ਤੋਂ ਕੀਤੀ ਤੌਬਾ
Publish Date: Tue, 09 Dec 2025 04:26 PM (IST)
Updated Date: Tue, 09 Dec 2025 04:27 PM (IST)

ਅੰਗਰੇਜ਼ ਭੁੱਲਰ, ਪੰਜਾਬੀ ਜਾਗਰਣ ਫਿਰੋਜ਼ਪੁਰ : ਸਿੱਖ ਕੌਮ ਦੀ ਜੁਝਾਰੂ ਜਥੇਬੰਦੀ ਸਿੱਖ ਸਟੂਡੈਂਟਸ ਮਹਿਤਾ ਪਾਖੰਡੀ ਬਾਬਿਆਂ, ਜਿਹੜੇ ਗੱਦੀਆਂ ਲਾ ਕੇ ਆਪਣੇ ਕੋਲ ਗੈਬੀ ਸ਼ਕਤੀਆਂ ਹੋਣ ਦਾ ਦਾਅਵਾ ਕਰਦੇ ਹਨ ਅਤੇ ਲੋਕਾਂ ਦਾ ਆਰਥਿਕ ਸੋਸ਼ਣ ਕਰਦੇ ਹਨ, ਉਨ੍ਹਾਂ ਵਿਰੁੱਧ ਖੁੱਲ੍ਹ ਦੇ ਮੈਦਾਨ ਵਿਚ ਨਿੱਤਰੀ ਹੋਈ ਹੈ ਅਤੇ ਉਨ੍ਹਾਂ ’ਤੇ ਲਗਾਤਾਰ ਸ਼ਿਕੰਜਾ ਕੱਸਿਆ ਹੋਇਆ ਹੈ। ਅੱਜ ਫੈਡਰੇਸ਼ਨ ਮਹਿਤਾ ਦੇ ਫਿਰੋਜ਼ਪੁਰ ਯੂਨਿਟ ਨੇ ਇਕ ਅਜਿਹੇ ਪਾਖੰਡੀ ਬਾਬੇ ਦਾ ਪਰਦਾਫਾਸ਼ ਕੀਤਾ ਹੈ ਜੋ ਆਪਣੇ ਕੋਲ ਕਰਾਮਤਾ (ਗੈਬੀ ਸ਼ਕਤੀਆਂ) ਹੋਣ ਦਾ ਦਾਅਵਾ ਕਰਦਾ ਸੀ ਅਤੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਤੋਂ ਮੋਟੀਆਂ ਰਕਮਾ ਵਸੂਲਦਾ ਸੀ। ਜਾਣਕਾਰੀ ਅਨੁਸਾਰ ਲਖਬੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਵਾਸੀ ਜੰਡਿਆਲਾ ਗੁਰੂ ਜੋ ਕਿ ਆਪਣੇ ਘਰ ਵਿਚ ਵਾਲਮੀਕ ਦੀ ਗੱਦੀ ਲਾਉਂਦਾ ਸੀ ਅਤੇ ਕਈ ਤਰ੍ਹਾਂ ਦੇ ਪਾਖੰਡਵਾਦ ਕਰਦਾ ਸੀ, ਕਿਸੇ ਤਰ੍ਹਾਂ ਕਰਕੇ ਹਰਜੋਤ ਸਿੰਘ ਨਾਮੀ ਵਿਅਕਤੀ ਵਾਸੀ ਪਾਤੜਾ ਜ਼ਿਲ੍ਹਾ ਪਟਿਆਲਾ ਵੀ ਇਸ ਪਾਖੰਡੀ ਬਾਬੇ ਦੇ ਸੰਪਰਕ ਵਿਚ ਆ ਗਿਆ ਜੋ ਕਿ ਆਪਣੇ ਕੈਨੇਡਾ ਰਹਿ ਰਹੇ ਪੁੱਤਰ ਦਾ ਵੀਜ਼ਾ ਨਾ ਵੱਧਣ ਕਰਕੇ ਪ੍ਰੇਸ਼ਾਨ ਸੀ ਅਤੇ ਜਦ ਉਸ ਨੇ ਇਸ ਬਾਰੇ ਬਾਬੇ ਲਖਬੀਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਕਿਹਾ ਕਿ ਤੇਰੇ ਪੁੱਤਰ ਤੇ ਬਹੁਤ ਵੱਡਾ ਕਸ਼ਟ ਆਉਣ ਵਾਲਾ ਹੈ ਅਤੇ ਉਸ ਵਿਚ ਉਸ ਦੀ ਜ਼ਿੰਦਗੀ ਵੀ ਜਾ ਸਕਦੀ ਹੈ। ਜਿਸ ਤੋਂ ਡਰ ਕੇ ਹਰਜੋਤ ਸਿੰਘ ਦੇ ਪੈਰਾਂ ਹੱਥੋਂ ਜ਼ਮੀਨ ਨਿਕਲ ਗਈ ਅਤੇ ਉਸ ਨੇ ਬਾਬੇ ਨੂੰ ਕੋਈ ਉਪਾਅ ਕਰਨ ਲਈ ਕਿਹਾ ਤਾਂ ਬਾਬੇ ਨੇ ਉਸ ਤੋਂ ਮੋਟੀ ਰਕਮ ਦੀ ਮੰਗ ਕੀਤੀ ਅਤੇ ਕੰਮ ਠੀਕ ਹੋ ਜਾਣ ਦਾ ਦਾਅਵਾ ਕੀਤਾ। ਜਦੋਂ ਵੀਜੇ ਵਿਚ ਵਾਧਾ ਨਾ ਹੋਇਆ ਤਾਂ ਹਰਜੋਤ ਸਿੰਘ ਨੇ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਅਤੇ ਉਸ ਨੇ ਫੈਡਰੇਸ਼ਨ ਮਹਿਤਾ ਦੇ ਫਿਰੋਜ਼ਪੁਰ ਯੂਨਿਟ ਨਾਲ ਸੰਪਰਕ ਕੀਤਾ ਤਾਂ ਫੈਡਰੇਸ਼ਨ ਆਗੂਆਂ ਨੇ ਉਸ ਪਾਖੰਡੀ ਬਾਬੇ ਨੂੰ ਕਿਸੇ ਤਰ੍ਹਾਂ ਸੰਪਰਕ ਕਰਕੇ ਫਿਰੋਜ਼ਪੁਰ ਤਲਬ ਕੀਤਾ ਅਤੇ ਪੁੱਛ ਪੜਤਾਲ ਕੀਤੀ ਤਾਂ ਉਹ ਬਾਬਾ ਲਖਬੀਰ ਸਿੰਘ ਸਾਰਾ ਕੁਝ ਮੰਨ ਗਿਆ। ਫੈਡਰੇਸ਼ਨ ਆਗੂਆਂ ਵੱਲੋਂ ਸਖਤੀ ਵਰਤਣ ਤੇ ਉਸ ਨੇ ਜਿਥੇ ਸਾਰੀ ਰਕਮ ਉਸ ਹਰਜੋਤ ਸਿੰਘ ਨੂੰ ਵਾਪਸ ਕਰ ਦਿੱਤੀ, ਉਥੇ ਅੱਗੇ ਤੋਂ ਹਰ ਤਰ੍ਹਾਂ ਦੇ ਪਾਖੰਡ ਅਤੇ ਗੱਦੀ ਲਾਉਣ ਤੋਂ ਵੀ ਤੌਬਾ ਕੀਤੀ, ਜਿਸ ਨੂੰ ਉਸ ਨੇ ਲਿਖਤੀ ਰੂਪ ਵਿਚ ਦਿੱਤਾ ਕਿ ਉਹ ਪਿਛਲੀਆਂ ਗਲਤੀਆਂ ਦੀ ਮੁਆਫੀ ਮੰਗਦਾ ਹੈ ਅਤੇ ਉਹ ਅੱਗੇ ਤੋਂ ਕੋਈ ਅਜਿਹੀ ਗਲਤੀ ਭੁੱਲ ਕੇ ਵੀ ਨਹੀਂ ਕਰੇਗਾ। ਇਸ ਮੌਕੇ ਫੈਡਰੇਸ਼ਨ ਦੀ ਟੀਮ ਵਿਚ ਭਾਈ ਜਸਪਾਲ ਸਿੰਘ, ਉਡੀਕ ਸਿੰਘ ਕੁੰਡੇ, ਮਨਜੀਤ ਸਿੰਘ ਔਲਖ, ਡਾ. ਗੁਰਮੀਤ ਸਿੰਘ, ਹਰਜਿੰਦਰ ਸਿੰਘ ਬੱਗਾ, ਜਸਬੀਰ ਸਿੰਘ ਜੱਸ, ਕੁਲਦੀਪ ਸਿੰਘ ਲੋਕੋ, ਨਸੀਬ ਸਿੰਘ, ਪੰਜਾਬ ਸਿੰਘ ਅਤੇ ਹੋਰ ਵੀ ਕਈ ਆਗੂ ਹਾਜ਼ਰ ਸਨ।