ਸਚਿਨ ਮਿੱਢਾ, ਜਲਾਲਾਬਾਦ : ਬੀਤੀ ਰਾਤ ਫਿਰੋਜ਼ਪੁਰ ਰੋਡ 'ਤੇ ਪੈਂਦੇ ਪਿੰਡ ਜੀਵਾਂ ਅਰਾਈ ਨਜ਼ਦੀਕ ਕਾਰ ਤੇ ਮੋਟਰਸਾਈਕਲ ਵਿਚਕਾਰ ਹੋਈ ਟੱਕਰ 'ਚ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ 4 ਸਾਲਾ ਬੱਚੀ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਈ। ਮਿ੍ਤਕ ਪੂਰਨ ਸਿੰਘ ਤੇ ਉਸਦੀ ਪਤਨੀ ਰੇਸ਼ਮਾ ਬਾਈ ਫਾਜ਼ਿਲਕਾ ਦੇ ਪਿੰਡ ਮਿਆਣੀ ਦੇ ਨਿਵਾਸੀ ਹਨ। ਜਿਨ੍ਹਾਂ ਦੀਆਂ ਲਾਸ਼ਾਂ ਨੂੰ ਸਥਾਨਕ ਹਸਪਤਾਲ 'ਚ ਰਖਵਾਇਆ ਗਿਆ ਹੈ। ਉਧਰ ਦੂਜੇ ਪਾਸੇ ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਗਿਆ ਹੈ। ਉਧਰ ਥਾਣਾ ਗੁਰੂਹਰਸਹਾਏ ਪੁਲਿਸ ਵੱਲੋਂ ਘਟਨਾ ਸਬੰਧੀ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਫਾਜ਼ਿਲਕਾ ਭੇਜ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਪੂਰਨ ਸਿੰਘ ਆਪਣੀ ਪਤਨੀ ਦੇ ਬੱਚੀ ਨਾਲ ਫਿਰੋਜ਼ਪੁਰ ਤੋਂ ਰਿਸ਼ਤੇਦਾਰਾਂ ਨੂੰ ਮਿਲ ਕੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਮਿਆਣੀ ਵਿਖੇ ਵਾਪਸ ਆ ਰਿਹਾ ਸੀ ਕਿ ਰਾਤ ਕਰੀਬ 9 ਵਜੇ ਪਿੰਡ ਜੀਵਾਂ ਅਰਾਈ ਨਜ਼ਦੀਕ ਇਕ ਕਾਰ ਨੰਬਰ ਡੀਐਲ-8ਸੀਡਬਲਯੂ-2522 ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ 'ਚ ਤਿੰਨੋਂ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਏ। ਜਿਨ੍ਹਾਂ ਨੂੰ ਇਲਾਜ ਲਈ ਜਲਾਲਾਬਾਦ ਦੇ ਹਸਪਤਾਲ 'ਚ ਲਿਆਂਦਾ ਗਿਆ ਜਿਥੇ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਉਨ੍ਹਾਂ ਦੀ ਪੋਤੀ ਰੈਨਾ ਗੰਭੀਰ ਜ਼ਖ਼ਮੀ ਹੈ। ਮਿ੍ਤਕ ਦੇ ਪਰਿਵਾਰ 'ਚ ਦੋ ਲੜਕੇ ਤੇ ਦੋ ਲੜਕੀਆਂ ਹਨ। ਉਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਮਹਿੰਦਰ ਸਿੰਘ ਨੇ ਦੱਸਿਆ ਕਿ ਮਿ੍ਤਕ ਦੇ ਭਤੀਜੇ ਬਲਜੀਤ ਸਿੰਘ ਦੇ ਬਿਆਨਾਂ 'ਤੇ ਅਣਪਛਾਤੇ ਕਾਰ ਚਾਲਕ ਖ਼ਿਲਾਫ਼ ਧਾਰਾ 304ਏ, 279, 337 ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ।