ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਜ਼ਿਲ੍ਹਾ ਫਾਜ਼ਿਲਕਾ ਦੇ ਪਿਛਲੇ ਇਕ ਸਾਲ ਤੋਂ ਕੱਢੇ ਦੋ ਨਰੇਗਾ ਮੁਲਾਜ਼ਮਾਂ ਨੂੰ ਬਹਾਲ ਕਰਵਾਉਣ ਲਈ ਇੱਥੇ ਬੀਤੇ ਸ਼ੁੱਕਰਵਾਰ ਤੋਂ ਬਲਾਕ ਵਿਕਾਸ ਅਤੇ ਪੰਚਾਇਤ ਦਫ਼ਤਰ ਜਲਾਲਾਬਾਦ ਅੱਗੇ ਭੁੱਖ ਹੜਤਾਲ 'ਤੇ ਬੈਠੇ ਯੂਨੀਅਨ ਆਗੂਆਂ ਦੇ ਸੰਘਰਸ਼ ਨੂੰ ਉਸ ਸਮੇਂ ਬੂਰ ਪਿਆ ਜਦੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੌਤ ਨੇ ਰਮਨਦੀਪ ਅਤੇ ਪਰਮਜੀਤ ਸਿੰਘ ਗ੍ਰਾਮ ਰੁਜ਼ਗਾਰ ਸੇਵਕਾਂ ਦੀ ਬਹਾਲੀ ਦੇ ਆਰਡਰ ਸੂਬਾ ਜਨਰਲ ਸਕੱਤਰ ਅੰਮਿ੍ਤਪਾਲ ਸਿੰਘ ਨੂੰ ਸੌਂਪ ਕੇ ਜੂਸ ਪਿਲਾਉਣ ਤੋਂ ਬਾਅਦ ਭੁੱਖ ਹੜਤਾਲ ਖ਼ਤਮ ਕਰਵਾਈ। ਜ਼ਿਕਰਯੋਗ ਹੈ ਕਿ ਬਲਾਕ ਜਲਾਲਾਬਾਦ ਦੇ ਦੋ ਨਰੇਗਾ ਮੁਲਾਜ਼ਮ ਪਿਛਲੇ ਸਾਲ ਕਿਸੇ ਕਾਰਨ ਕਰਕੇ ਨੌਕਰੀ ਤੋਂ ਬਰਖਾਸਤ ਕਰ ਦਿੱਤੇ ਗਏ ਸਨ ਉਸ ਸਮੇਂ ਤੋਂ ਹੀ ਨਰੇਗਾ ਕਰਮਚਾਰੀ ਯੂਨੀਅਨ ਵੱਲੋਂ ਮੁਲਾਜ਼ਮਾਂ ਦੀ ਬਹਾਲੀ ਲਈ ਸੰਘਰਸ਼ ਕੀਤਾ ਜਾ ਰਿਹਾ ਸੀ। ਮੁਲਾਜ਼ਮਾਂ 'ਤੇ ਲੱਗੇ ਦੋਸ਼ਾਂ ਦੀ ਦੂਸਰੇ ਜ਼ਿਲਿ੍ਹਆਂ ਦੇ ਏਡੀਸੀ ਰਾਹੀਂ ਕਰਵਾਈ ਜਾਂਚ ਦੌਰਾਨ ਉਕਤ ਦੋਵੇਂ ਮੁਲਾਜ਼ਮ ਬੇਕਸੂਰ ਪਾਏ ਗਏ ਸਨ, ਜੋ ਕਿ ਜਲਾਲਾਬਾਦ ਜ਼ਿਮਨੀ ਚੋਣਾਂ ਦੌਰਾਨ ਜਿੱਥੇ ਸਰਕਾਰ ਵੱਲੋਂ ਵੱਡੇ-ਵੱਡੇ ਵਾਅਦੇ ਲੋਕਾਂ ਨਾਲ ਕੀਤੇ ਜਾ ਰਹੇ ਹਨ ਉੱਥੇ ਯੂਨੀਅਨ ਵੱਲੋਂ ਵਾਰ-ਵਾਰ ਮੰਗ ਪੱਤਰ ਦੇਣ ਦੇ ਬਾਵਜੂਦ ਵੀ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਅੱਕੇ ਮੁਲਾਜ਼ਮਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਸੀ। ਭੁੱਖ ਹੜਤਾਲ ਖਤਮ ਕਰਵਾਉਣ ਤੋਂ ਬਾਅਦ ਬੋਲਦਿਆਂ ਕੈਬਨਿਟ ਮੰਤਰੀ ਨੇ ਕਿਹਾ ਕਿ ਸਰਕਾਰ ਠੇਕਾ ਅਧਾਰਤ ਨੌਕਰੀ ਕਰ ਰਹੇ ਮੁਲਾਜ਼ਮਾਂ ਪ੍ਰਤੀ ਸੰਜੀਦਾ ਹੈ ਜਲਦ ਹੀ ਨਰੇਗਾ ਮੁਲਾਜ਼ਮਾਂ ਦੀਆਂ ਸੇਵਾਵਾਂ ਰੈਗੂਲਰ ਕਰਨ 'ਤੇ ਵੀ ਸਰਕਾਰ ਫੈਸਲਾ ਲੈ ਰਹੀ ਹੈ। ਇਸ ਮੌਕੇ ਅੰਮਿ੍ਤਪਾਲ ਸਿੰਘ ਸੂਬਾ ਜਨਰਲ ਸਕੱਤਰ,ਸੰਨੀ ਕੁਮਾਰ ਜ਼ਿਲ੍ਹਾ ਪ੍ਰਧਾਨ, ਆਸ਼ਾ ਵਰਕਰ ਦੇ ਸੀਨੀਅਰ ਪ੍ਰਧਾਨ ਦੁਰਗਾ ਬਾਈ, ਜ਼ਿਲ੍ਹਾ ਜਰਨਲ ਸਕੱਤਰ ਨਿਲਮ ਰਾਣੀ, ਕਲਾਸ ਫੋਰ ਦੇ ਪ੍ਰਧਾਨ ਜ਼ੋਗਿੰਦਰ ਸਿੰਘ, ਸੁਖਦੇਵ ਸਿੰਘ, ਸੁਰਿੰਦਰ ਸਿੰਘ, ਬਲਦੇਵ ਸਿੰਘ, ਸ਼ੀਤਲ ਕੰਬੋਜ਼, ਭੁਪਿੰਦਰ ਕੌਰ, ਰਿੰਪੀ, ਪੂਜਾ ਰਾਣੀ, ਸੁਸ਼ਮਾ ਰਾਣੀ ਫਿਰੋਜ਼ਪੁਰ, ਬਗੀਚਾ ਸਿੰਘ, ਜਤਿੰਦਰ ਸਿੰਘ, ਗੁਰਮੀਤ ਸਿੰਘ ਆਦਿ ਨੇ ਡਿਪਟੀ ਕਮਿਸ਼ਨਰ ਫਾਜ਼ਿਲਕਾ, ਏਡੀਸੀ ਵਿਕਾਸ ਫਾਜ਼ਿਲਕਾ ਅਤੇ ਸਰਕਾਰ ਦਾ ਧੰਨਵਾਦ ਕੀਤਾ।