ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਇਕ ਪਾਸੇ ਜਿੱਥੇ ਲੋਕਾਂ ਵਿਚ ਵਿਦੇਸ਼ ਜਾਣ ਦਾ ਰੁਝਾਨ ਘਟਣ ਦਾ ਨਾਂ ਹੀ ਨਹੀਂ ਲੈ ਰਿਹਾ ਹੈ ,ਉਥੇ ਕੁਝ ਏਜੰਟਾਂ ਵੱਲੋਂ ਲੋਕਾਂ ਦੀ ਇਸ ਹਸਰਤ ਨੂੰ ਪੂਰੀ ਤਰ੍ਹਾਂ ਕੈਸ਼ ਕੀਤਾ ਜਾ ਰਿਹਾ ਹੈ। ਅਜਿਹਾ ਹੀ ਇਕ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦੋਂ ਫਿਰੋਜ਼ਪੁਰ ਸ਼ਹਿਰ ਦੀ ਰਹਿਣ ਵਾਲੀ ਇਕ ਲੜਕੀ ਨੂੰ ਕੈਨੇਡਾ ਵਰਕ ਪਰਮਿਟ 'ਤੇ ਭੇਜਣ ਦਾ ਝਾਂਸਾ ਦੇ ਕੇ ਸਥਾਨਕ ਜ਼ੀਰਾ ਗੇਟ ਦੇ ਇਕ ਏਜੰਟ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰ ਲਈ ਗਈ।

ਥਾਣਾ ਸਿਟੀ ਫਿਰੋਜ਼ਪੁਰ ਪੁਲਿਸ ਵਲੋਂ ਸ਼ਹਿਰ ਦੇ ਜ਼ੀਰਾ ਗੇਟ ਬਜ਼ਾਰ ਵਿਚ ਸਥਿੱਤ ਧੰਜੂ ਟਰੈਵਲ ਦੇ ਮਾਲਕ ਸਮੇਤ ਤਿੰਨ ਜਣਿਆਂ ਦੇ ਵਿਰੁੱਧ ਪਰਚਾ ਦਰਜ ਕੀਤਾ ਗਿਆ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਰੇਸ਼ਮ ਸਿੰਘ ਨੇ ਦੋਸ਼ ਲਗਾਇਆ ਕਿ ਧੰਜੂ ਟਰੈਵਲ ਐਂਡ ਟੂਰ ਦੇ ਮਾਲਕ ਨੇ, ਲੜਕੀ ਨੂੰ ਕੈਨੇਡਾ ਵਰਕ ਪਰਮਿਟ 'ਤੇ ਭੇਜਣ ਦਾ ਝਾਂਸਾ ਦੇ ਕੇ 15 ਲੱਖ 30 ਹਜ਼ਾਰ ਰੁਪਏ ਦੀ ਠੱਗੀ ਮਾਰੀ ਹੈ। ਰੇਸ਼ਮ ਸਿੰਘ ਨੇ ਦੋਸ਼ ਲਗਾਇਆ ਕਿ ਉਕਤ ਗੁਰਮੁੱਖ ਸਿੰਘ ਹੁਰਾਂ ਦੇ ਕੋਲ ਕੋਈ ਵੀ ਮਨਜ਼ੂਰਸ਼ੁਦਾ ਲਾਇਸੰਸ ਵਗੈਰਾ ਵੀ ਨਹੀਂ ਹੈ।

ਮਾਮਲੇ ਦੀ ਜਾਂਚ ਕਰ ਰਹੇ ਇੰਸਪੈਕਟਰ ਜਤਿੰਦਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਰੇਸ਼ਮ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਗੁਰਮੁੱਖ ਸਿੰਘ ਪੁੱਤਰ ਮੋਹਨ ਸਿੰਘ, ਹਰਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਅਤੇ ਮਨਦੀਪ ਸਿੰਘ ਪੁੱਤਰ ਗੁਰਮੁੱਖ ਸਿੰਘ ਮਾਲਕ ਧੰਜੂ ਟੂਰ ਐਂਡ ਟਰੈਵਲ ਵਾਸੀਅਨ ਜ਼ੀਰਾ ਗੇਟ ਫਿਰੋਜ਼ਪੁਰ ਸ਼ਹਿਰ ਦੇ ਵਿਰੁੱਧ 420, 120-ਬੀ ਆਈਪੀਸੀ ਅਤੇ 13 ਪੰਜਾਬ ਪ੍ਰੀਵੈਨਸ਼ਨ ਆਫ਼ ਹੁਮੈਨ ਸਮਗਲਿੰਗ ਐਕਟ 2012 ਤਹਿਤ ਪਰਚਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਦਿੱਤੀ ਗਈ ਹੈ।

Posted By: Tejinder Thind