ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਜਸਟਿਸ ਆਰਕੇ ਜੈਨ ਮਾਨਯੋਗ ਜੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਕੇਂਦਰੀ ਜੇਲ੍ਹ ਦਾ ਸਰਵੇਖਣ ਕੀਤਾ ਗਿਆ। ਅੱਜ ਇਸ ਮੌਕੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਫਿਰੋਜ਼ਪੁਰ ਪਰਮਿੰਦਰ ਪਾਲ ਸਿੰਘ, ਸ਼੍ਰੀਮਤੀ ਸ਼ਿਖਾ ਗੋਇਲ, ਸਿਵਲ ਜੱਜ ਸੀਨੀਅਰ ਡਵੀਜਨ ਫਿਰੋਜ਼ਪੁਰ, ਬਲਜਿੰਦਰ ਸਿੰਘ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਸਹਿਤ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ, ਜੇਲ੍ਹ ਸੁਪਰਡੈਂਟ ਬਲਜੀਤ ਸਿੰਘ ਵੇਦ, ਡਿਪਟੀ ਸੁਪਰਡੈਂਟ ਵਿਪਨਜੀਤ ਸਿੰਘ ਅਤੇ ਜੀਵਨ ਠਾਕੁਰ ਅਤੇ ਮੈਡੀਕਲ ਅਫਸਰ ਡਾਕਟਰ ਸੰਜੀਵ ਬੈਂਸ ਆਦਿ ਵੀ ਹਾਜ਼ਰ ਸਨ। ਇਸ ਦੌਰਾਨ ਜਸਟਿਸ ਸਾਹਿਬ ਨੇ ਕੇਂਦਰੀ ਜੇਲ੍ਹ ਵਿਖੇ ਹਵਾਲਾਤੀਆਂ, ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ, ਇਸ ਤੋਂ ਬਾਅਦ ਜੱਜ ਸਾਹਿਬ ਨੇ ਜੇਲ੍ਹ ਵਿਖੇ ਬਣੀ ਰਸੋਈ ਦਾ ਨਿਰੀਖਣ ਕੀਤਾ, ਇਸ ਤੋਂ ਬਾਅਦ ਜੱਜ ਸਾਹਿਬ ਡੀ ਅਡਿਕਸ਼ਨ ਸੈਂਟਰ ਅਤੇ ਜੇਲ੍ਹ ਵਿਚ ਬਣੇ ਹਸਪਤਾਲ ਵਿਖੇ ਗਏ ਉਥੇ ਉਨ੍ਹਾਂ ਨੇ ਮਰੀਜ਼ਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਡਾਕਟਰ ਸਾਹਿਬ ਨੂੰ ਆਦੇਸ਼ ਦਿੱਤੇ ਕਿ ਇਸ ਜੇਲ੍ਹ ਵਿਚ ਕਿਸੇ ਵੀ ਮਰੀਜ਼ ਨੂੰ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਪੇਸ਼ ਨਹੀਂ ਆਉਣੀ ਚਾਹੀਦੀ। ਇਸ ਤੋਂ ਬਾਅਦ ਜੱਜ ਸਾਹਿਬ ਜਨਾਨਾ ਵਾਰਡ ਵਿਚ ਗਏ, ਉੱਥੇ ਉਨ੍ਹਾਂ ਨੇ ਅੌਰਤ ਹਵਾਲਾਤੀਆਂ, ਕੈਦੀਆਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਉਨ੍ਹਾਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਪ੍ਰਦਾਨ ਕਰਵਾਉਣ ਦਾ ਭਰੋਸਾ ਦਿੱਤਾ। ਇਸ ਦੌਰਾਨ ਜੱਜ ਸਾਹਿਬ ਨੇ ਇਸ ਵਾਰਡ ਵਿਚ ਚੱਲ ਰਹੇ ਸਿਲਾਈ ਕੋਰਸ ਦਾ ਨਿਰੀਖਣ ਕੀਤਾ ਅਤੇ ਦਫ਼ਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਤੋਂ ਉੱਥੇ ਮੌਜ਼ੂਦ ਰਿਟੇਨਰ ਐਡਵੋਕੇਟ ਅਤੇ ਪੈਨਲ ਐਡਵੋਕੇਟਜ਼ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਸਮੇਂ ਸਮੇਂ ਤੇ ਤੁਸੀਂ ਜੇਲ੍ਹ ਵਿਚ ਰਹਿ ਰਹੀਆਂ ਅੌਰਤਾਂ ਨੂੰ ਸਹੂਲਤਾਂ ਮੁਹੱਈਆ ਕਰਵਾਉਣ ਦੇ ਪਾਬੰਦ ਹੋਵੋਗੇ। ਇਸ ਤੋਂ ਬਾਅਦ ਜੱਜ ਸਾਹਿਬ ਨੇ ਜੇਲ੍ਹ ਵਿਚ ਬਣੀ ਫੈਕਟਰੀ ਦਾ ਨਿਰੀਖਣ ਕੀਤਾ ਇੱਥੇ ਬਣ ਰਹੇ ਖੇਸ, ਫਾਇਲ ਬਸਤੇ, ਖਾਦੀ ਦੇ ਸੂਟ, ਤੌਲੀਏ ਅਤੇ ਖੱਦਰ ਦੇ ਕੱਪੜੇ ਤੋਂ ਬਣੀਆਂ ਚੀਜ਼ਾਂ ਦਾ ਨਿਰੀਖਣ ਕੀਤਾ।