ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਜ਼ਿਲ੍ਹੇ ਦੇ ਕਸਬਾ ਮੱਲਾਂਵਾਲਾ ਦੇ ਪਿੰਡ ਆਸ਼ੀ ਕੇ ਦੇ ਕਿਸਾਨ ਨਿਸ਼ਾਨ ਸਿੰਘ ਹੱਤਿਆਕਾਂਡ ਵਿਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਮੁਲਜ਼ਮ ਕਾਬਲ ਸਿੰਘ ਦੀ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ ਹੈ। ਕਾਬਲ ਸਿੰਘ ਸਮੇਤ ਕੇਸ ਦੇ ਸਾਰੇ 9 ਮੁਲਜ਼ਮਾਂ ਨੂੰ ਫਿਰੋਜ਼ਪੁਰ ਦੇ ਜ਼ਿਲ੍ਹਾ ਅਤੇ ਸੈਸ਼ਨ ਕੋਰਟ ਨੇ ਇਸ ਸਾਲ ਅਗਸਤ ਮਹੀਨੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ।

ਸੈਸ਼ਨ ਕੋਰਟ ਦੇ ਫ਼ੈਸਲੇ ਨੂੰ ਚੁਣੌਤੀ ਦਿੰਦਿਆਂ ਮੁਲਜ਼ਮ ਵੱਲੋਂ ਹਾਈ ਕੋਰਟ ਵਿਚ ਅਪੀਲ ਦਰਜ ਕੀਤੀ ਗਈ ਸੀ ਅਤੇ ਇਸ ਤੋਂ ਬਾਅਦ ਹੁਣ ਜ਼ਮਾਨਤ ਦੀ ਮੰਗ ਕੀਤੀ ਗਈ।

ਸ਼ਿਕਾਇਤਕਰਤਾ ਦੇ ਹਾਈ ਕੋਰਟ ਵਿਚ ਵਕੀਲ ਅਭਿਲਕਸ਼ ਗੈਂਦ ਨੇ ਦੱਸਿਆ ਕਿ ਮੁਲਜ਼ਮ ਦੀ ਜ਼ਮਾਨਤ ਦੀ ਮੰਗ ਕੋਰਟ ਵੱਲੋਂ ਰੱਦ ਕਰ ਦਿੱਤੀ ਗਈ ਹੈ। ਪੁਲਿਸ ਦੀ ਜਾਂਚ ਰਿਪੋਰਟ ਅਤੇ ਮੁਲਜ਼ਮ ਦੀ ਮੈਡੀਕਲ ਕੰਡੀਸ਼ਨ ਦਾ ਹਵਾਲਾ ਦਿੰਦੇ ਹੋਏ ਜ਼ਮਾਨਤ ਮੰਗੀ ਗਈ ਸੀ।

ਸ਼ਿਕਾਇਤਕਰਤਾ ਰਾਜ ਕੌਰ ਪਤਨੀ ਮਿ੍ਤਕ ਨਿਸ਼ਾਨ ਸਿੰਘ ਦੇ ਵਕੀਲ ਅਭਿਲਕਸ਼ ਗੈਂਦ ਨੇ ਇਸ ਜ਼ਮਾਨਤ ਦਾ ਵਿਰੋਧ ਕਰਦਿਆਂ ਹਾਈ ਕੋਰਟ ਵਿਚ ਦਲੀਲ ਦਿੱਤੀ ਕਿ ਮੁਲਜ਼ਮ ਕਾਬਲ ਸਿੰਘ ਦੀ ਇਸ ਹੱਤਿਆਕਾਂਡ ਵਿਚ ਅਹਿਮ ਭੂਮਿਕਾ ਹੈ, ਜਿਸ ਨੇ ਮਿ੍ਤਕ ਨਿਸ਼ਾਨ ਸਿੰਘ 'ਤੇ ਹਥਿਆਰ ਨਾਲ ਵਾਰ ਕੀਤੇ ਸਨ।

ਸੈਸ਼ਨ ਕੋਰਟ ਵੱਲੋਂ ਸਜ਼ਾ ਹੋਣ ਦੇ ਬਾਅਦ ਵੀ ਉਸਨੂੰ ਜ਼ਮਾਨਤ 'ਤੇ ਰਿਹਾਅ ਕੀਤਾ ਜਾਣਾ ਮਿ੍ਤਕ ਅਤੇ ਉਸਦੇ ਪਰਿਵਾਰ ਨਾਲ ਬੇਇਨਸਾਫ਼ੀ ਹੋਵੇਗੀ। ਮਾਮਲੇ ਵਿਚ ਨਿਸ਼ਾਨ ਸਿੰਘ ਦੀ ਪਤਨੀ ਰਾਜ ਕੌਰ ਅਤੇ ਧੀ ਕੁਲਵਿੰਦਰ ਕੌਰ ਦੇ ਬਿਆਨਾਂ 'ਤੇ ਪੁਲਿਸ ਨੇ ਕਾਬਲ ਸਿੰਘ ਸਮੇਤ 9 ਲੋਕਾਂ ਖ਼ਿਲਾਫ਼ ਹੱਤਿਆ ਦਾ ਮੁਕੱਦਮਾ ਦਰਜ ਕੀਤਾ ਸੀ। ਇਸ ਮਾਮਲੇ ਵਿਚ ਬਲਦੇਵ ਸਿੰਘ, ਗੁਰਭੇਜ ਸਿੰਘ ਉਰਫ ਗੋਰਾ, ਕਾਬਲ ਸਿੰਘ, ਗੁਰਭੇਜ ਸਿੰਘ, ਹਰਪਾਲ ਸਿੰਘ, ਗੁਰਪਾਲ ਸਿੰਘ, ਜਗਰਾਜ ਸਿੰਘ, ਸਤਨਾਮ ਸਿੰਘ ਅਤੇ ਨਿਰਮਲ ਸਿੰਘ ਸ਼ਾਮਲ ਹਨ।