ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਹਿੰਦ-ਪਾਕਿ ਕੌਮਾਂਤਰੀ ਸਰਹੱਦ ਦੀ ਚੌਕੀ ਸ਼ਾਮੇ ਕੀ ਦੇ ਕੋਲੋਂ ਪਾਕਿਸਤਾਨੀ ਸਮੱਗਲਰਾਂ ਵੱਲੋਂ ਦਰਿਆਈ ਰਸਤੇ ਨਸ਼ੇ ਦੀਆਂ ਖੇਪਾਂ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਸਰਹੱਦੀ ਸੁਰੱਖਿਆ ਬਲ ਦੀ 136 ਬਟਾਲੀਅਨ ਨੇ ਬੁੱਧਵਾਰ ਸਵੇਰੇ ਸਰਹੱਦੀ ਚੌਕੀ ਸ਼ਾਮੇ ਕੀ ਦੇ ਕੋਲੋਂ ਦਰਿਆ ਸਤਲੁਜ 'ਚੋਂ 8 ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਇਹ ਹੈਰੋਇਨ ਪਾਕਿਸਤਾਨੀ ਸਮੱਗਲਰਾਂ ਵੱਲੋਂ ਇਸ ਵਾਰੀ ਫਿਰ ਕਲਾਲੀ ਬੂਟੀ ਦੇ ਹੇਠਾਂ ਲੁਕੋ ਕੇ ਭੇਜੀ ਗਈ ਸੀ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਬੀਐੱਸਐੱਫ ਪੰਜਾਬ ਫਰੰਟੀਅਰ ਦੇ ਪੀਆਰਓ ਨੇ ਦੱਸਿਆ ਕਿ ਬੁੱਧਵਾਰ ਸਵੇਰੇ ਸਰਹੱਦੀ ਚੌਕੀ ਸ਼ਾਮੇ ਕੀ ਦੇ ਕੋਲ ਬੀਐੱਸਐੱਫ ਦੀ 136ਬਟਾਲੀਅਨ ਦੇ ਜਵਾਨਾਂ ਵੱਲੋਂ ਬੋਟ ਰਾਹੀਂ ਦਰਿਆ ਵਿੱਚ ਗਸ਼ਤ ਕੀਤੀ ਜਾ ਰਹੀ ਸੀ। ਇਸ ਦੌਰਾਨ ਅਚਾਨਕ ਸ਼ੱਕ ਪੈਣ 'ਤੇ ਉਨ੍ਹਾਂ ਕਲਾਲੀ ਬੂਟੀ ਦੇ ਕੁਝ ਬੂਟਿਆਂ ਨੂੰ ਸਰਚ ਕੀਤਾ ਤਾਂ ਉਨ੍ਹਾਂ ਦੇ ਥੱਲੇ ਪਲਾਸਟਿਕ ਦੀ ਟੇਪ ਨਾਲ ਲਪੇਟੇ ਹੋਏ 8 ਪੈਕੇਟ ਹੈਰੋਇਨ ਦੇ ਬਰਾਮਦ ਹੋਏ। ਇਸ ਤੋਂ ਇਲਾਵਾ 57 ਗਾ੍ਮ ਅਫੀਮ ਵੀ ਬਰਾਮਦ ਹੋਈ ਹੈ। ਪੀਅਆਰਓ ਨੇ ਦੱਸਿਆ ਕਿ ਇਸ ਸਬੰਧੀ ਬੀਐਸਐਫ ਦੇ ਜਵਾਨਾਂ ਵੱਲੋਂ ਉਚ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਇੱਥੇ ਜ਼ਿਕਰਯੋਗ ਹੈ ਕਿ ਬੀਤੇ ਇਕ ਹਫਤੇ ਵਿਚ ਹੀ ਪਾਕਿਸਤਾਨੀ ਸਮੱਗਲਰਾਂ ਵੱਲੋਂ ਇਸੇ ਰੂਟ ਦੇ ਜ਼ਰੀਏ ਪਹਿਲੋਂ 3 ਕਿੱਲੋ ਅਤੇ ਫਿਰ 5 ਕਿਲੋ ਹੈਰੋਇਨ ਬੀਐੱਸਐੱਫ ਵੱਲੋਂ ਬਰਾਮਦ ਕੀਤੀ ਗਈ ਸੀ।

Posted By: Seema Anand