ਮਮਦੋਟ ਸੰਜੀਵ ਮਦਾਨ/ ਭੁਪਿੰਦਰ ਨਰੂਲਾ, ਫਿਰੋਜ਼ਪੁਰ : ਪਿਛਲੇ ਦੋ ਮਹੀਨਿਆਂ ਤੋਂ ਪੈ ਰਹੀ ਅੱਤ ਦੀ ਗਰਮੀ ਤੋਂ ਕੱਲ੍ਹ ਲਗਾਤਾਰ ਮੀਂਹ ਪੈਣ ਨਾਲ ਜਿੱਥੇ ਲੋਕਾਂ ਨੂੰ ਭਾਰੀ ਰਾਹਤ ਮਿਲੀ ਹੈ, ਉੱਥੇ ਹੀ ਸਰਹੱਦੀ ਬਲਾਕ ਮਮਦੋਟ ਦੇ ਕਈ ਸਬਜ਼ੀ ਕਾਸ਼ਤਕਾਰਾਂ ਨੂੰ ਭਾਰੀ ਨੁਕਸਾਨ ਵੀ ਝੱਲਣਾ ਪਿਆ। ਝੋਨੇ ਦੀ ਫਸਲ ਲਈ ਇਹ ਬਾਰਿਸ਼ ਦੇਸੀ ਘਿਓ ਵਾਂਗ ਵਰਦਾਨ ਸਾਬਤ ਹੋਣ ਦੀ ਜਗ੍ਹਾ ਕੱਚੇ ਘਰਾਂ ਵਿਚ ਰਹਿਣ ਵਾਲੇ ਲੋਕਾਂ ਅਤੇ ਸਬਜ਼ੀ ਕਾਸ਼ਤਕਾਰਾਂ ਲਈ ਸਰਾਪ ਵੀ ਸਾਬਤ ਹੋਈ। ਲਗਾਤਾਰ ਹੋਈ ਘੰਟੇ ਬੱਧੀ ਬਾਰਿਸ਼ ਨਾਲ ਸਬਜ਼ੀਆਂ ਅਤੇ ਝੋਨੇ ਦੀ ਫਸਲ ਡੁੱਬ ਕੇ ਬਰਬਾਦ ਹੋ ਗਈ ਅਤੇ ਅਗਲੇ ਕੁਝ ਦਿਨਾਂ ਤਕ ਇਸੇ ਤਰ੍ਹਾਂ ਬਾਰਿਸ਼ ਹੋਣ ਦਾ ਡਰ ਵੀ ਸਬਜ਼ੀ ਕਾਸ਼ਤਕਾਰਾਂ ਦੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

ਚਾਰ ਪਿੰਡਾਂ ਦੇ ਪਾਣੀ ਦਾ ਵਹਾਅ ਕਰ ਰਿਹਾ ਫ਼ਸਲ ਨੂੰ ਪ੍ਰਭਾਵਿਤ : ਪਿੰਡ 'ਚ ਅਰਬੀ ਦੀ ਖੇਤੀ ਯੋਗ ਜ਼ਮੀਨ ਨੀਵੀਂ ਹੋਣ ਕਰਕੇ ਨੇੜਲੇ ਹੋਰ ਤਿੰਨ ਚਾਰ ਪਿੰਡਾਂ ਦੇ ਰਕਬੇ ਦਾ ਪਾਣੀ ਵੀ ਇੱਥੇ ਜਮ੍ਹਾਂ ਹੋਣ ਲੱਗਾ ਹੈ ਜੋ ਨੀਵੇਂ ਖੇਤਾਂ ਅਤੇ ਘਰਾਂ ਦੇ ਲਈ ਬਰਬਾਦੀ ਦਾ ਕਾਰਨ ਬਣਨ ਲੱਗਾ ਹੈ। ਪਿੰਡ ਦੀ ਨਿਆਈਂ ਜ਼ਮੀਨ ਹੋਣ ਕਰ ਕੇ ਸਾਰਾ ਪਾਣੀ ਇੱਥੇ ਜਮ੍ਹਾਂ ਹੋਣ ਲੱਗ ਪਿਆ ਹੈ।

ਸਬਜ਼ੀਆਂ ਤੋਂ ਇਲਾਵਾ ਕਈ ਥਾਈਂ ਝੋਨੇ ਦੀ ਫਸਲ ਵੀ ਡੁੱਬੀ: ਝੋਨੇ ਦੀ ਫਸਲ ਲਈ ਦੇਸੀ ਘਿਓ ਵਾਂਗ ਵਰਦਾਨ ਮੰਨੀ ਜਾਣ ਇਹ ਬਾਰਿਸ਼ ਕਈ ਥਾਈਂ ਕਿਸਾਨਾਂ ਲਈ ਸਰਾਪ ਸਾਬਤ ਹੋ ਰਹੀ ਹੈ। ਲਗਾਤਾਰ ਅਠਾਰਾਂ ਘੰਟੇ ਪਏ ਮੀਂਹ ਨੇ ਅਰਬੀ, ਪੁਦੀਨਾ ਅਤੇ ਗੁਆਰੇ ਦੀ ਸਬਜ਼ੀ ਤੋਂ ਇਲਾਵਾ ਝੋਨੇ ਦੀ ਫਸਲ ਨੂੰ ਡੋਬ ਦਿੱਤਾ ਹੈ। ਅਗਲੇ ਕੁਝ ਦਿਨ ਇਸੇ ਤਰ੍ਹਾਂ ਭਾਰੀ ਬਾਰਸ਼ ਹੋਣ ਦੀ ਸੰਭਾਵਨਾ ਕਿਸਾਨਾਂ ਲਈ ਖ਼ਤਰਨਾਕ ਹੋਣ ਦਾ ਡਰ ਸਤਾਉਣ ਲੱਗਾ ਹੈ।

ਸਰਕਾਰ ਫੜੇ ਕਿਸਾਨਾਂ ਦੀ ਬਾਂਹ: ਪ੍ਰਭਾਵਿਤ ਕਿਸਾਨਾਂ ਸਰਪੰਚ ਕਰਨੈਲ ਸਿੰਘ, ਸਤਨਾਮ ਸਿੰਘ, ਗਗਨਦੀਪ ਸਿੰਘ ਤੇ ਸੁਖਚੈਨ ਸਿੰਘ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਭਾਰੀ ਬਾਰਿਸ਼ ਨਾਲ ਬਰਬਾਦ ਹੋਈ ਫਸਲ ਦਾ ਬਣਦਾ ਮੁਆਵਜ਼ਾ ਦੇ ਕੇ ਉਨ੍ਹਾਂ ਦੀ ਬਾਂਹ ਫੜੀ ਜਾਵੇ।

Posted By: Ramandeep Kaur