ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਫਿਰੋਜ਼ਪੁਰ ਫਾਜ਼ਿਲਕਾ ਰੇਲ ਟਰੈਕ 'ਤੇ ਇਕ ਵੱਡੇ ਹਾਦਸੇ ਤੋਂ ਉਸ ਵੇਲੇ ਬਚਾਅ ਹੋ ਗਿਆ ਜਦੋਂ ਭਾਰੀ ਬਾਰਿਸ਼ ਕਾਰਨ ਮਿੱਟੀ ਖਿਸਕਨ ਤੋਂ ਉਸਾਰੀ ਅਧੀਨ ਇਕ ਰੇਲ ਅੰਡਰ ਬਰਿੱਜ ਤੋਂ ਰੇਲ ਟਰੈਕ ਹੇਠਾਂ ਬਹਿ ਗਿਆ।ਸੁੱਖਦ ਪਹਿਲੂ ਇਹ ਰਿਹਾ ਕਿ ਉਸ ਤੋਂ ਕੋਈ ਰੇਲ ਗੱਡੀ ਨਹੀਂ ਲੰਘੀ। ਜਿਕਰਯੋਗ ਹੈ ਕਿ ਦੇਸ਼ ਦੇ ਬਿਨਾਂ ਫਾਟਕ ਰੇਲ ਲਾਂਘਿਆਂ ਨੂੰ ਖਤਮ ਕਰਨ ਦੇ ਮਕਸਦ ਦੇ ਨਾਲ ਰੇਲਵੇ ਵੱਲੋਂ (ਆਰ ਯੂ ਬੀ ) ਰੇਲ ਅੰਡਰ ਬਿ੍ਜਾਂ ਅਤੇ (ਆਰ ਓ ਬੀ ) ਰੇਲ ਅੋਵਰ ਬਰਿੱਜ ਬਣਾਏ ਜਾ ਰਹੇ ਹਨ।

ਕਈ ਬਿ੍ਜਾਂ 'ਚ ਪਾਣੀ ਦੀ ਨਿਕਾਸੀ ਸਹੀ ਤਰੀਕੇ ਨਾਲ ਨਾਂਅ ਹੋਣ ਦੇ ਚੱਲਦਿਆਂ ਬਾਰਿਸ਼ ਦੇ ਦਿਨਾਂ 'ਚ ਪਾਣੀ ਨਾਲ ਭਰ ਜਾਂਦੇ ਹਨ। ਅਜਿਹਾ ਕੁੱਝ ਹੀ ਬੁੱਧਵਾਰ ਨੂੰ ਫਿਰੋਜ਼ਪੁਰ ਤੋਂ ਸ਼੍ਰੀ ਗੰਗਾਨਗਰ ਰੇਲਵੇ ਟ੍ਰੈਕ 'ਤੇ ਪਿੰਡ ਡੋਡ ਨੇੜੇ ਬਣੇ ਅੰਡਰ ਬਿ੍ਜ ਦਾ ਵੀ ਸਾਹਮਣੇ ਆਇਆ ਹੈ ,ਜਿਥੇ ਪਾਣੀ ਭਰ ਜਾਣ ਅਤੇ ਤੇਜ਼ ਬਾਰਿਸ਼ ਦੇ ਚੱਲਦਿਆਂ ਬਿ੍ਜ ਦੇ ਦੋਵਾਂ ਪਾਸਿਆਂ ਦੇ ਟ੍ਰੈਕ ਤੋਂ ਮਿੱਟੀ ਖਿਸਕ ਗਈ। ਇਸ ਗੱਲ ਦਾ ਪਤਾ ਲੱਗਣ 'ਤੇ ਰੇਲਵੇ ਦੇ ਲੋਕਾਂ ਅਤੇ ਪਿੰਡ ਵਾਲਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ, ਜਿਨ੍ਹਾਂ ਨੇ ਸਮਝਦਾਰੀ ਵਰਤਦੇ ਹੋਏ ਫਿਰੋਜ਼ਪੁਰ ਤੋਂ ਫਾਜ਼ਿਲਕਾ ਜਾ ਰਹੀ ਰੇਲ ਗੱਡੀ ਨੂੰ ਰਾਹ 'ਚ ਹੀ ਰੋਕ ਦਿੱਤਾ, ਜਿਸ ਨਾਲ ਵੱਡਾ ਹਾਦਸਾ ਹੋਣੋ ਬਚ ਗਿਆ। ਇਸ ਤੋਂ ਬਾਅਦ ਪਿੰਡ ਦੇ ਲੋਕਾਂ ਅਤੇ ਰੇਲਵੇ ਦੇ ਮਜ਼ਦੂਰਾਂ ਨੇ ਮਿਲ ਕੇ ਟ੍ਰੈਕ ਦੀਆਂ ਸਾਈਡਾਂ 'ਤੇ ਮਿੱਟੀ ਨਾਲ ਭਰੀਆਂ ਹੋਈਆਂ ਬੋਰੀਆਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਤੋਂ ਬਾਅਦ ਰੇਲ ਗੱਡੀਆਂ ਨੂੰ ਹੋਲੀ-ਹੋਲੀ ਉਥੋਂ ਦੀ ਲੰਘਾਇਆ ਗਿਆ।