ਪਰਮਿੰਦਰ ਸਿੰਘ ਥਿੰਦ,ਫਿਰੋਜ਼ਪੁਰ; ਭਾਜਪਾ ਦੀ ਅਗੁਵਾਈ ਵਾਲੀ ਕੇਂਦਰ ਸਰਕਾਰ ਵੱਲੋਂ ਕਿਸਾਨੀ ਨਾਲ ਸਬੰਧਤ ਤਿੰਨ ਬਿਲ ਪਾਸ ਹੁੰਦਿਆਂ ਪੰਜਾਬ ਦੀ ਸਿਆਸਤ ਵਿਚ ਜਿਵੇਂ ਭੂਚਾਲ ਹੀ ਆ ਗਿਆ ਹੋਵੇ। ਇਕ ਪਾਸੇ ਜਿਥੇ ਸੂਬੇ ਦੇ ਕਿਸਾਨਾਂ ਦਾ ਵਿਰੋਧ ਦਿਨ ਬ ਦਿਨ ਵੱਧਦਾ ਹੀ ਜਾ ਰਿਹਾ ਹੈ, ਉਥੇ ਭਾਜਪਾ ਦੀ ਭਾਈਵਾਲ ਪਾਰਟੀ ਅਕਾਲੀ ਦਲ ਬਾਦਲ ਦੀ ਕੇਂਦਰੀ ਵਜ਼ਾਰਤ ਵਿਚ ਇਕਲੌਤੀ ਮੰਤਰੀ ਹਰਸਿਮਰਤ ਕੌਰ ਬਾਦਲ ਵੱਲੋਂ ਵੀ ਇੰਨ੍ਹਾਂ ਬਿਲਾਂ ਨੂੰ ਕਿਸਾਨ ਮਾਰੂ ਕਰਾਰ ਦਿੰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸੂਬੇ ਅੰਦਰ ਲਗਾਤਾਰ ਵਰਕਰ ਮੀਟਿੰਗਾਂ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਵੱਲੋਂ ਪਾਰਟੀ ਕਾਡਰ ਅਤੇ ਪੰਜਾਬ ਦੇ ਲੋਕਾਂ ਨੂੰ ਦੱਸਿਆ ਜਾ ਰਿਹਾ ਹੈ ਕਿ ਕਿਵੇਂ ਉਨ੍ਹਾਂ ਕੇਂਦਰੀ ਵਜ਼ਾਰਤ ਦਾ ਹਿੱਸਾ ਹੁੰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਬਨਿਟ ਦੇ ਦੂਜੇ ਮੰਤਰੀਆਂ ਕੋਲ ਉਸ ਬਿਲ ਦਾ ਵਿਰੋਧ ਜਤਾਇਆ ਅਤੇ ਉਸ ਦੇ ਖਤਰਨਾਕ ਨਤੀਜਿਆਂ ਸਬੰਧੀ ਵੀ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਜਦੋਂ ਇੰਨ੍ਹਾਂ ਬਿਲਾਂ ਸਬੰਧੀ ਉਨ੍ਹਾਂ ਦੀ ਰਾਏ ਨੂੰ ਤਵੱਜੋ ਨਹੀਂ ਦਿੱਤੀ ਗਈ ਤਾਂ ਉਨ੍ਹਾਂ ਆਪਣੇ ਕਿਸਾਨ ਭਰਾਵਾਂ ਦੇ ਹੱਕ ਵਿਚ ਖੱੜਣਾ ਬਿਹਤਰ ਸਮਝਿਆ ਅਤੇ ਨਾ ਸਿਰਫ ਆਪਣੇ ਅਹੁਦੇ ਤੋਂ ਅਸਤੀਫਾ ਦਿੱਤਾ ਸਗੋਂ ਪਾਰਟੀ ਵੱਲੋਂ ਗਠਜੋੜ ਤੋਂ ਵੀ ਆਪਣੇ ਆਪ ਨੂੰ ਦੂਰ ਕਰ ਲਿਆ।

ਇਸ ਦੌਰਾਨ ਹਰਸਿਮਰਤ ਬਾਦਲ ਨੇ ਫਿਰੋਜ਼ਪੁਰ ਦੇ ਇਤਹਾਸਕ ਗੁਰੂਦੁਆਰਾ ਜਾਮਨੀ ਸਾਹਿਬ ਵਿਖੇ ਪਾਰਟੀ ਦੀ ਵਰਕਰ ਮੀਟਿੰਗ ਨੂੰ ਸੰਬੋਧਨ ਕੀਤਾ ਅਤੇ ਕਿਸਾਨ ਵਿਰੋਧੀ ਇਨ੍ਹਾਂ ਬਿਲਾਂ ਦੇ ਵਿਰੋਧ ਲਈ ਲਾਮਬੱਧ ਹੋਣ ਦੀ ਅਪੀਲ ਕੀਤੀ। ਉਨ੍ਹਾਂ ਭਾਜਪਾ ਤੋਂ ਨਾਰਾਜ਼ ਹੋ ਕੇ ਆਏ ਆਗੂਆਂ ਨੂੰ ਪਾਰਟੀ ਵਿਚ ਸ਼ਾਮਿਲ ਵੀ ਕਰਵਾਇਆ।

ਇਸ ਤੋਂ ਉਪਰੰਤ ਹਰਸਿਮਰਤ ਬਾਦਲ ਹੂਸੈਨੀਵਾਲਾ ਸਥਿੱਤ ਸ਼ਹੀਦੀ ਸਮਾਰਕਾਂ 'ਤੇ ਵੀ ਗਏ , ਜਿਥੇ ਉਨ੍ਹਾਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਸ਼ਹੀਦੇ ਆਜ਼ਮ ਅਤੇ ਉਨ੍ਹਾਂ ਦੇ ਸਾਥੀਆਂ ਤੋਂ ਇਲਾਵਾ ਪੰਜਾਬ ਮਾਤਾ ਦੀ ਸਮਾਧ 'ਤੇ ਵੀ ਸ਼ਰਧਾ ਦੇ ਫੁੱਲ ਭੇਟ ਕੀਤੇ।

ਹਰਸਿਮਰਤ ਨੇ ਆਖਿਆ ਕਿ ਸ਼ਹੀਦ ਦੇਸ਼ ਅਤੇ ਕੌਮ ਦਾ ਸਰਮਾਇਆ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਕਿਸੇ ਵੀ ਸੰਘਰਸ਼ ਵੇਲੇ ਸ਼ਹੀਦਾਂ ਦੀਆਂ ਗਾਥਾਵਾਂ ਸਾਡੇ ਜੋਸ਼ ਅਤੇ ਜਜ਼ਬੇ ਵਿਚ ਹੋਰ ਹਿੰਮਤ ਭਰਦੀਆਂ ਹਨ। ਇਸ ਮੋਕੇ ਹੋਰਨਾਂ ਤੋਂ ਇਲਾਵਾ ਸਾਬਕਾ ਕੈਬਨਿਟ ਮੰਤਰੀ ਜਨਮੇਜਾ ਸਿੰਘ ਸੇਖੋਂ , ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਵਿਧਾਇਕ ਜੋਗਿੰਦਰ ਸਿੰਘ ਜਿੰਦੂ, ਵਰਦੇਵ ਸਿੰਘ ਨੋਨੀ ਮਾਨ, ਰੋਹਿਤ ਮੋਂਟੂ ਵੋਹਰਾ

ਸੁਰਿੰਦਰ ਸਿੰਘ ਬੱਬੂ, ਦਰਸ਼ਨ ਸਿੰਘ ਸ਼ੇਰ ਖਾਂ ਐਸਜੀਪੀਸੀ ਮੈਂਬਰ, ਹਰਪ੍ਰੀਤ ਸਿੰਘ ਸ਼ੇਰ ਖਾਂ ਯੂਥ ਅਕਾਲੀ ਆਗੂ, ਅਵਤਾਰ ਸਿੰਘ ਜ਼ੀਰਾ, ਦਿਲਬਾਗ ਵਿਰਕ, ਕਿੱਕਰ ਸਿੰਘ ਕੁਤਬੇਵਾਲਾ, ਗੁਰਲਾਲ ਸਿੰਘ ਭੁੱਲਰ ਸਾਬਕਾ ਮੀਤ ਚੇਅਰਮੈਨ ਮਾਰਕੀਟ ਕਮੇਟੀ ਮੱਲਾਂਵਾਲਾ, ਨਿਸ਼ਾਨ ਸਿੰਘ ਭੁੱਲਰ ਸਾਬਕਾ ਮੀਤ ਪ੍ਰਧਾਨ ਨਗਰ ਪੰਚਾਇਤ ਮੱਲਾਂਵਾਲਾ, ਗੁਰਤੇਜ ਸਿੰਘ ਸਰਪੰਚ ਵਲਟੋਹਾ ਅਤੇ ਹੋਰ ਵੀ ਕਈ ਹਾਜ਼ਰ ਸਨ।

ਭਾਜਪਾ ਕੇਂਦਰੀ ਲੀਡਰਸ਼ਿਪ ਵੱਲੋਂ ਕਿਸਾਨੀ ਸਬੰਧੀ ਪਾਸ ਕੀਤੇ ਤਿੰਨ ਬਿਲਾਂ ਤੋਂ ਨਾਰਾਜ਼ ਟਕਸਾਲੀ ਭਾਜਪਾਈਆਂ ਵੱਲੋਂ ਪਾਰਟੀ ਨੂੰ ਅਲਵਿਦਾ ਆਖੇ ਜਾਣ ਦਾ ਸਿਲਸਿਲਾ ਬੜੀ ਤੇਜੀ ਨਾਲ ਸ਼ੁਰੂ ਹੋ ਗਿਆ ਹੈ। ਬੀਤੇ ਦਿਨ ਭਾਜਪਾ ਦੇ ਸਾਬਕਾ ਸੂਬਾਈ ਪ੍ਰਧਾਨ ਦੇ ਸਾਬਕਾ ਅੋ ਐਸ ਡੀ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦਿਤੇ ਜਾਣ ਮਗਰੋਂ ਹੁਣ ਭਾਜਪਾ ਕਿਸਾਨ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਅਤੇ ਟਕਸਾਲੀ ਭਾਜਪਾਈ ਕਿੱਕਰ ਸਿੰਘ ਕੁਤਬੇਵਾਲਾ ਨੇ ਆਪਣੇ ਸਾਥੀਆਂ ਸਮੇਤ ਭਾਜਪਾ ਨੂੰ ਛੱਡ ਕੇ ਅਕਾਲੀ ਦਲ ਦਾ ਪੱਲਾ ਫੱੜ ਲਿਆ ਹੈ। ਜ਼ਿਲ੍ਹੇ ਦੇ ਗੁਰੂਦੁਆਰਾ ਜਾਮਨੀ ਸਾਹਿਬ ਵਿਖੇ ਵਰਕਰ ਮੀਟਿੰਗ ਨੂੰ ਸੰਬੋਧਨ ਕਰਨ ਆਏ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਉਕਤ ਭਾਜਪਾਈ ਆਗੂਆਂ ਨੂੰ ਅਕਾਲੀ ਦਲ 'ਚ ਸ਼ਾਮਿਲ ਕਰਵਾਇਆ ।

ਇਸ ਮੋਕੇ ਉਨ੍ਹਾਂ ਦੇ ਨਾਲ ਫਿਰੋਜ਼ਪੁਰ ਸ਼ਹਿਰੀ ਹਲਕੇ ਦੇ ਦਿਹਾਤੀ ਆਗੂ ਚਰਨਦੀਪ ਸਿੰਘ ਬੱਗੇਵਾਲਾ , ਸਾਬਕਾ ਮੈਂਬਰ ਬਲਾਕ ਸੰਮਤੀ ਅਤੇ ਦਿਹਾਤੀ ਮੰਡਲ ਦੇ ਜਨਰਲ ਸਕੱਤਰ ਅੰਗਰੇਜ ਸਿੰਘ ਮਿੰਟੂ ਦੁਲਚੀ ਕੇ ਅਤੇ ਕਿਸਾਨ ਮੋਰਚਾ ਦੇ ਜਿਲਾ ਉਪ ਪ੍ਰਧਾਨ ਹਰਜਿੰਦਰ ਸਿੰਘ ਅੱਕੂ ਵਾਲਾ ਨੇ ਭਾਜਪਾ ਨੂੰ ਅਲਵਿਦਾ ਕਹਿ ਕੇ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਿਲ ਹੋ ਗਏ। ਉਪਰੋਕਤ ਸਾਰੇ ਆਗੂਆਂ ਨੂੰ ਗੁਰੂਦਾਆਰਾ ਜਾਮਣੀ ਸਾਹਿਬ ਵਿਖੇ ਹੋਈ ਵਰਕਰ ਮੀਟਿੰਗ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ।

Posted By: Jagjit Singh