ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਕਰੀਬ ਅੱਠ ਮਹੀਨੇ ਪਹਿਲਾਂ ਕਥਿਤ ਤੋਰ ਤੇ ਆਪਣੇ ਪ੍ਰੇਮੀ ਤੋਂ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਗਈ ਲੜਕੀ ਨੂੰ ਆਖ਼ਰ ਉਸ ਵੇਲੇ ਇਨਸਾਫ਼ ਮਿਲ ਗਿਆ ,ਜਦੋਂ ਥਾਣਾ ਤਲਵੰਡੀ ਭਾਈ ਪੁਲਿਸ ਨੇ ਇਸ ਮਾਮਲੇ ਵਿੱਚ ਕੀਤੀ ਲੰਮੀ 'ਪੜਤਾਲ' ਮਗਰੋਂ ਉਕਤ ਲੜਕੀ ਦੇ ਪ੍ਰੇਮੀ ਖਿਲਾਫ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਕਸਬਾ ਤਲਵੰਡੀ ਭਾਈ ਦੇ ਰਹਿਣ ਵਾਲੇ ਵਿਅਕਤੀ ਨੇ ਦੋਸ਼ ਲਗਾਇਆ ਸੀ ਕਿ ਉਸ ਦੀ ਲੜਕੀ ਦਾ ਦਵਿੰਦਰ ਸਿੰਘ ਗਿੱਲ ਨਾਂਅ ਦੇ ਵਿਅਕਤੀ ਨਾਲ ਪ੍ਰੇਮ ਸਬੰਧ ਸੀ ।

ਪੀੜਤ ਪਿਤਾ ਨੇ ਦੱਸਿਆ ਕਿ ਦਵਿੰਦਰ ਗਿੱਲ ਉਸ ਦੀ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਆਪਣੇ ਨਾਲ ਲੈ ਗਿਆ ਸੀ ਅਤੇ ਕੁਝ ਦਿਨਾਂ ਬਾਅਦ ਦਵਿੰਦਰ ਉਸਦੀ ਲੜਕੀ ਨੂੰ ਤਲਵੰਡੀ ਭਾਈ ਦੇ ਫਾਟਕਾਂ ਕੋਲ ਛੱਡ ਕੇ ਆਪ ਕਿਤੇ ਚਲਾ ਗਿਆ। ਇਸ ਤੋਂ ਦੁਖੀ ਹੋ ਕੇ 17 ਅਪ੍ਰੈਲ 2018 ਨੂੰ ਵਕਤ ਕਰੀਬ ਸਾਢੇ 7 ਵਜੇ ਮੁੱਦਈ ਦੀ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਲਖਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਵਿਅਕਤੀ ਦੇ ਬਿਆਨਾਂ ਦੇ ਆਧਾਰ 'ਤੇ ਦਵਿੰਦਰ ਸਿੰਘ ਗਿੱਲ ਪੁੱਤਰ ਰਣਜੀਤ ਸਿੰਘ ਵਾਸੀ ਸਾਧੂ ਵਾਲਾ ਥਾਣਾ ਸਦਰ ਜ਼ੀਰਾ ਖਿਲਾਫ ਮੁਕੱਦਮਾ ਦਰਜ ਰਜਿਸਟਰ ਕੀਤਾ ਗਿਆ ਹੈ।