ਪਰਮਿੰਦਰ ਸਿੰਘ ਥਿੰਦ ,ਫ਼ਿਰੋਜ਼ਪੁਰ : ਸ਼ੁੱਕਰਵਾਰ ਦੇਰ ਸ਼ਾਮ ਫਿਰੋਜ਼ਪੁਰ ਛਾਉਣੀ ਦੇ ਧੀਂਗੜਾ ਪਾਰਕ ਇਲਾਕੇ ਵਿਚ ਗੈਰ ਸਮਾਜੀ ਅਨਸਰਾਂ ਵੱਲੋਂ ਅੰਨ੍ਹੇਵਾਹ ਚਲਾਈਆਂ ਗੋਲ਼ੀਆਂ ਵਿੱਚੋਂ ਇਕ ਗੋਲ਼ੀ ਗੁਆਂਢ 'ਚ ਰਹਿੰਦੀ 14 ਸਾਲਾ ਮਾਸੂਮ ਬੱਚੀ ਦੇ ਵੱਜਣ ਕਾਰਨ ਉਸ ਦੀ ਮੌਤ ਹੋ ਗਈ। ਇਸ ਸਬੰਧੀ ਥਾਣਾ ਕੈਂਟ ਪੁਲਿਸ ਨੇ ਮ੍ਰਿਤਕਾ ਦੇ ਪਿਤਾ ਮੋਨੂੰ ਪੁੱਤਰ ਗਿਆਨਚੰਦ ਵਾਸੀ ਨੇੜੇ ਢੀਂਗਰਾ ਪਾਰਕ ਦੇ ਬਿਆਨਾਂ ਦੇ ਆਧਾਰ ’ਤੇ ਕਰਨ ਉਰਫ਼ ਐਮਜੇ, ਮੋਹਿਤ, ਚੰਦੂ ਸਮੇਤ 3-4 ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਦਿੰਦਿਆਂ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਬੱਚੀ ਦੇ ਪਿਤਾ ਮੋਨੂੰ ਨੇ ਦੱਸਿਆ ਕਿ ਉਨ੍ਹਾਂ ਦੇ ਘਰ ਦੇ ਨਾਲ ਗੁਆਂਢ ਵਿਚ ਰਹਿੰਦੇ ਕੁਝ ਲੋਕਾਂ ਨਾਲ ਦੁਸ਼ਮਣੀ ਦੇ ਚੱਲਦਿਆਂ ਕੁਝ ਨੌਜਵਾਨ ਗੁੰਡਾਗਰਦੀ ਕਰਨ ਦੀ ਨੀਅਤ ਨਾਲ ਮੋਟਰਸਾਈਕਲ 'ਤੇ ਆਏ ਸਨ | ਸ਼ੁੱਕਰਵਾਰ ਰਾਤ 10:30 ਤੋਂ 11 ਵਜੇ ਦੇ ਦਰਮਿਆਨ ਜਦੋਂ 14 ਸਾਲਾ ਖ਼ੁਸ਼ੀ ਨੇ ਪਟਾਕਿਆਂ ਦੀ ਆਵਾਜ਼ ਸੁਣੀ ਤਾਂ ਉਹ ਦੇਖਣ ਲਈ ਬਾਹਰ ਆਈ ਤਾਂ ਗੋਲ਼ੀ ਸਿੱਧੀ ਉਸ ਦੀ ਛਾਤੀ ਵਿੱਚ ਜਾ ਲੱਗੀ। ਖੁਸ਼ੀ ਮੌਕੇ 'ਤੇ ਹੀ ਬੇਹੋਸ਼ ਹੋ ਗਈ, ਜਿਸ ਨੂੰ ਇਲਾਜ ਲਈ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਐਸਐਚਓ ਨੇ ਦੱਸਿਆ ਕਿ ਪੁਲੀਸ ਵੱਲੋਂ ਕਾਤਲਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ਅਤੇ ਮ੍ਰਿਤਕ ਦੀ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਦੇ ਮੁਰਦਾਘਰ ਵਿੱਚ ਰਖਵਾਇਆ ਗਿਆ ਹੈ।

Posted By: Jagjit Singh