ਬਲਰਾਜ, ਫਾਜ਼ਿਲਕਾ : ਸਰਕਾਰੀ ਸਕੀਮਾਂ ਵਿਚ ਕੀਤੇ ਜਾਂਦੇ ਘਪਲਿਆਂ ਨੂੰ ਅਕਸਰ ਹੀ ਲੋਕ ਅੱਖੋਂ ਪਰੋਖੇ ਕਰ ਦਿੰਦੇ ਹਨ, ਜਿਸ ਕਾਰਨ ਸਰਕਾਰੀ ਸਕੀਮਾਂ ਦਾ ਲਾਭ ਅਸਲੀ ਲਾਭਪਾਤਰੀਆਂ ਤਕ ਨਹੀਂ ਪੁੱਜਦਾ। ਇਸ ਤਰ੍ਹਾਂ ਦਾ ਇਕ ਮਾਮਲਾ ਫਾਜ਼ਿਲਕਾ ਜ਼ਿਲ੍ਹੇ ਦੇ ਪਿੰਡ ਮੰਡੀ ਹਜ਼ੂਰ ਸਿੰਘ 'ਚ ਸਾਹਮਣੇ ਆਇਆ ਹੈ, ਜਿਥੇ ਮਗਨਰੇਗਾ ਕੰਮਾਂ ਵਿਚ ਹੋਏ ਘਪਲੇ ਦੀਆਂ ਪਰਤਾਂ ਖੁੱਲ੍ਹਣ ਤੋਂ ਬਾਅਦ ਪੁਲਿਸ ਵੱਲੋਂ ਇਕ ਅੌਰਤ ਸਮੇਤ ਛੇ ਮੁਲਜ਼ਮਾਂ ਵਿਰੁੱਧ ਥਾਣਾ ਸਦਰ ਫਾਜ਼ਿਲਕਾ ਵਿਖੇ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਮਾਮਲੇ ਦੇ ਮੁਦੱਈ ਹਰਦੀਪ ਸਿੰਘ ਨੇ ਦੱਸਿਆ ਕਿ ਉਸ ਨੇ ਮਗਨਰੇਗਾ ਕੰਮਾਂ ਸਬੰਧੀ ਮਗਨਰੇਗਾ ਸਾਈਟ ਤੋਂ ਜਦੋਂ ਪਿੰਡ ਵਿਚ ਹੋ ਰਹੇ ਕੰਮਾਂ ਬਾਰੇ ਜਾਣਕਾਰੀ ਲਈ ਤਾਂ ਉਸ ਨੂੰ ਪਤਾ ਲੱਗਾ ਕਿ ਇਸ ਵਿਚ ਘਪਲਾ ਕੀਤਾ ਜਾ ਰਿਹਾ ਹੈ। ਪਿੰਡ ਦੇ ਮਿ੍ਤਕ ਵਿਅਕਤੀਆਂ, ਪਿੰਡ ਛੱਡ ਗਏ ਵਿਅਕਤੀਆਂ ਤੇ ਇਕ ਵਿਅਕਤੀ ਦੇ ਕਈ-ਕਈ ਸਰਕਾਰੀ ਜਾਬ ਕਾਰਡ ਵੇਖ ਕੇ ਉਸ ਨੂੰ ਹੈਰਾਨੀ ਹੋਈ। ਉਸ ਨੇ 15 ਜਨਵਰੀ 2018 ਨੂੰ ਤੱਤਕਾਲੀ ਡਿਪਟੀ ਕਮਿਸ਼ਨਰ ਈਸ਼ਾ ਕਾਲੀਆ ਨੂੰ ਪੂਰੇ ਤੱਥਾਂ ਸਮੇਤ ਰਿਪੋਰਟ ਸੌਂਪ ਕੇ ਅਤੇ ਸ਼ਿਕਾਇਤ ਦੇ ਕੇ ਇਸ ਮਾਮਲੇ 'ਚ ਸ਼ਾਮਲ ਮੁਲਜ਼ਮਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ, ਜਦ ਕਾਰਵਾਈ ਨਾ ਹੋਈ ਤਾਂ ਉਸ ਨੇ 24 ਮਈ 2018 ਨੂੰ ਮੁੜ ਡਿਪਟੀ ਕਮਿਸ਼ਨਰ ਅਤੇ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਸ ਘਪਲੇ ਦੀ ਸ਼ਿਕਾਇਤ ਕੀਤੀ। ਜਾਂਚ ਤੋਂ ਬਾਅਦ ਡਿਪਟੀ ਕਮਿਸ਼ਨਰ ਦਫ਼ਤਰ ਵੱਲੋਂ ਜ਼ਿਲ੍ਹਾ ਪੁਲਿਸ ਮੁਖੀ ਨੂੰ ਇਸ ਮਾਮਲੇ 'ਚ ਸ਼ਾਮਲ ਇਕ ਅੌਰਤ ਸਮੇਤ ਛੇ ਮੁਲਜ਼ਮਾਂ ਗੁਰਚਰਨ ਸਿੰਘ ਪੁੱਤਰ ਮੱਖਣ ਸਿੰਘ, ਰਜਿੰਦਰ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਕਰਨੀ ਖੇੜਾ, ਸੰਜਨਾ ਪਤਨੀ ਸਤਪਾਲ ਵਾਸੀ ਮੁਹੁੱਲਾ ਆਨੰਦਪੁਰ, ਸਵਰਨਜੀਤ ਪੁੱਤਰ ਸੁਰਜੀਤ ਸਿੰਘ, ਪ੍ੇਮ ਸਿੰਘ ਪੁੱਤਰ ਵੀਰ ਸਿੰਘ, ਰਜਿੰੰਦਰ ਸਿੰਘ ਪੁੱਤਰ ਗੁਲਜਾਰ ਸਿੰਘ 'ਤੇ ਮਾਮਲਾ ਦਰਜ ਕਰ ਲਿਆ ਹੈ।

ਹਾਈਕੋਰਟ 'ਚ ਪੰਜਾਬ ਸਰਕਾਰ ਪੇਸ਼ ਕਰੇਗੀ ਆਪਣਾ ਜਵਾਬ

ਹਰਦੀਪ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਕਾਰਵਾਈ ਲਈ ਜੂਨ 2018 'ਚ ਮਾਣਯੋਗ ਹਾਈਕੋਰਟ ਨੂੰ ਇਕ ਪੱਤਰ ਲਿਖਿਆ ਸੀ, ਜਿਸ 'ਤੇ ਹਾਈਕੋਰਟ ਦੇ ਚੀਫ਼ ਜਸਟਿਸ ਵੱਲੋਂ ਉਸ ਦਰਖਾਸਤ ਨੂੰ ਨੰਬਰ ਸੀਡਬਲਿਊਪੀ 19818/2018 ਤਹਿਤ ਦਰਜ ਕੀਤਾ ਅਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ, ਜਿਸ ਦੀ ਸੁਣਵਾਈ 13 ਫਰਵਰੀ 2019 ਨੂੰ ਹੈ, ਜਿੱਥੇ ਪੰਜਾਬ ਸਰਕਾਰ ਵੱਲੋਂ ਆਪਣਾ ਜਵਾਬ ਦਾਇਰ ਕੀਤਾ ਜਾਣਾ ਹੈ।

ਮਿ੍ਤਕਾਂ ਤੋਂ ਵੀ ਲਵਾਈਆਂ ਇੰਟਰਲਾਕ ਟਾਈਲਾਂ!

ਇਸ ਘਪਲੇ ਤਹਿਤ ਪਿੰਡ ਦੇ ਕੁਝ ਮਿ੍ਤਕ ਲੋਕਾਂ ਨੂੰ ਕੰਮ 'ਤੇ ਦਿਖਾ ਦਿੱਤਾ ਗਿਆ। ਜਿਨ੍ਹਾਂ ਤੋਂ ਇੰਟਰਲਾਕ ਟਾਈਲਾਂ ਦਾ ਕੰਮ ਕਰਵਾਇਆ ਦਿਖਾਇਆ ਗਿਆ। ਮਿੰਦੋ ਬਾਈ ਪਤਨੀ ਵੀਰ ਸਿੰਘ, ਹਰਨਾਮ ਸਿੰਘ ਪੁੱਤਰ ਰਾਂਟਾ ਸਿੰਘ, ਬਚਨ ਸਿੰਘ ਪੁੱਤਰ ਰੁਲੀਆ ਸਿੰਘ, ਸੱਜਣ ਸਿੰਘ ਪੁੱਤਰ ਸ਼ੇਰ ਸਿੰਘ, ਅਮੀਰ ਸਿੰਘ ਪੁੱਤਰ ਸੂਬਾ ਸਿੰਘ, ਅਮੀਰ ਸਿੰਘ ਪੁੱਤਰ ਕਰਤਾਰ ਸਿੰਘ, ਮਨਫ਼ੂਲ ਰਾਮ ਅਤੇ ਬਚਨ ਸਿੰਘ ਦੀ ਕਾਫੀ ਸਮਾਂ ਪਹਿਲਾਂ ਮੌਤ ਹੋ ਚੁੱਕੀ ਹੈ ਪਰ ਉਕਤ ਮਿ੍ਤਕਾਂ ਨੂੰ ਕੰਮ 'ਤੇ ਦਿਖਾ ਕੇ ਲੱਖਾਂ ਰੁਪਏ ਦਾ ਘਪਲਾ ਕੀਤਾ ਗਿਆ।