ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਪੰਜਾਬ 'ਚ ਧਾਰਮਿਕ ਗ੍ਰੰਥਾਂ ਦੀ ਬੇਅਦਬੀ ਦੀਆਂ ਘਟਨਾਵਾਂ ਰੁਕਣ ਦਾ ਨਾਂ ਹੀ ਨਹੀਂ ਲੈ ਰਹੀਆਂ। ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਸ਼ਹਿਰ ਦੀ ਬਸਤੀ ਸੁੰਨਵਾਂ ਵਿਖੇ ਸਾਹਮਣੇ ਆਇਆ ਹੈ ਜਿੱਥੇ ਭਗਵਾਨ ਵਾਲਮੀਕਿ ਮੰਦਰ ਦੇ ਅੰਦਰ ਬਿਰਾਜਮਾਨ ਰਮਾਇਣ ਦੇ ਸਰੂਪਾਂ ਨੂੰ ਅੱਗ ਲੱਗਣ ਦੀ ਸੂਚਨਾ ਪ੍ਰਾਪਤ ਹੋਈ ਹੈ।

ਜਾਣਕਾਰੀ ਮੁਤਾਬਿਕ ਬਸਤੀ ਸੁੰਨਵਾਂ ਵਿਖੇ ਘਰਾਂ ਦੇ ਨਜ਼ਦੀਕ ਹੀ ਭਗਵਾਨ ਵਾਲਮੀਕਿ ਦਾ ਮੰਦਰ ਬਣਿਆ ਹੋਇਆ ਹੈ, ਜਿਸ ਵਿਚ ਪਾਠੀ ਸਿੰਘ ਸੇਵਾ ਕਰਨ ਵਾਸਤੇ ਰੋਜ਼ਾਨਾ ਆਉਂਦੇ ਸਨ। ਸੋਮਵਾਰ ਸਵੇਰੇ ਇਲਾਕੇ ਦੇ ਲੋਕਾਂ ਨੇ ਵੇਖਿਆ ਕਿ ਭਗਵਾਨ ਵਾਲਮੀਕਿ ਦੇ ਮੰਦਰ 'ਚ ਜਿੱਥੇ ਰਮਾਇਣ ਦੇ ਸਰੂਪ ਬਿਰਾਜਮਾਨ ਸਨ, ਉਸ ਕਮਰੇ 'ਚੋਂ ਧੂੰਆਂ ਨਿਕਲ ਰਿਹਾ ਹੈ। ਇਲਾਕੇ ਦੇ ਲੋਕ ਜਦੋਂ ਇਕੱਠੇ ਹੋ ਕੇ ਭਗਵਾਨ ਵਾਲਮੀਕਿ ਮੰਦਰ ਵਿਖੇ ਪਹੁੰਚੇ ਤਾਂ ਵੇਖਿਆ ਕਿ ਰਮਾਇਣ ਦੇ ਸਰੂਪਾਂ ਨੂੰ ਅੱਗ ਲੱਗੀ ਹੋਈ ਸੀ, ਜਿਸ ਨੂੰ ਇਲਾਕਾ ਵਾਸੀਆਂ ਨੇ ਪਾਣੀ ਨਾਲ ਬੁਝਾ ਦਿੱਤਾ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਅਗਨ ਭੇਟ ਹੋਏ ਰਮਾਇਣ ਦੇ ਸਰੂਪਾਂ ਸਬੰਧੀ ਉਨ੍ਹਾਂ ਵੱਲੋਂ ਸਬੰਧਤ ਥਾਣੇ ਦੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ ਤੇ ਜਾਂਚ ਦੀ ਮੰਗ ਕੀਤੀ ਹੈ। ਦੂਜੇ ਪਾਸੇ ਜਦੋਂ ਇਸ ਮਾਮਲੇ ਸਬੰਧੀ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਨ੍ਹਾਂ ਆਖਿਆ ਕਿ ਉਨ੍ਹਾਂ ਦੀ ਡਿਊਟੀ ਜ਼ਿਮਨੀ ਚੋਣਾਂ 'ਚ ਲੱਗੀ ਹੋਈ ਹੈ। ਉਹ ਚੋਣ ਡਿਊਟੀ ਤੋਂ ਵਿਹਲੇ ਹੋ ਕੇ ਹੀ ਭਗਵਾਨ ਵਾਲਮੀਕਿ ਮੰਦਰ 'ਚ ਲੱਗੀ ਅੱਗ ਬਾਰੇ ਜਾਂਚ ਕਰਨਗੇ।

Posted By: Seema Anand