ਗੌਰਵ ਗੌੜ, ਜੌਲੀ ਜ਼ੀਰਾ : ਸ਼ਹਿਰ ਵਿੱਚ ਮੰਡੀਹਰ ਦੇ ਦੋ ਧੜਿਆਂ ਦੀ ਆਪਸੀ ਖਹਿਬਾਜ਼ੀ ਨੇ ਅੱਜ ਉਸ ਵੇਲੇ ਖੂਨੀ ਰੂਪ ਧਾਰਨ ਕਰ ਲਿਆ ਜਦੋਂ ਇੱਕ ਧੜੇ ਦੇ ਲੜਕਿਆਂ ਨੇ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਰੇਲਵੇ ਰੋਡ ਤੇ ਸਥਿਤ ਥਾਣਾ ਸਦਰ ਮੂਹਰੇ ਦੂਸਰੇ ਧੜੇ ਦੇ ਜਾਂਦੇ ਕੁਝ ਲੜਕਿਆਂ 'ਤੇ ਹਮਲਾ ਕਰ ਦਿੱਤਾ। ਬੇਸਬਾਲ ਅਤੇ ਤੇਜ਼ਧਾਰ ਹਥਿਆਰਾਂ ਨਾਲ ਹੋਏ ਇਸ ਹਮਲੇ 'ਚ ਜ਼ਖ਼ਮੀ ਹੋਏ ਲੜਕਿਆਂ ਨੂੰੰ ਇਲਾਜ ਲਈ ਸਿਵਲ ਹਸਪਤਾਲ ਜ਼ੀਰਾ ਲਿਜਾਇਆ ਗਿਆ, ਜਿੱਥੋਂ ਹਾਲਤ ਗੰਭੀਰ ਦੇਖ ਇਕ ਨੂੰ ਫਰੀਦਕੋਟ ਰੈਫਰ ਕਰ ਦਿੱਤਾ ਗਿਆ ਜਿੱਥੇ ਜ਼ਖ਼ਮਾਂ ਦੀ ਤਾਬ ਨਾ ਝੱਲਦਿਆਂ ਰਸਤੇ ਵਿਚ ਹੀ ਉਸ ਦੀ ਮੌਤ ਹੋ ਗਈ। ਮ੍ਰਿਤਕ ਦੀ ਸ਼ਨਾਖਤ ਸੁਨੀਲ ਕੁਮਾਰ ਪੁੱਤਰ ਸੱਤਪਾਲ ਵਾਸੀ ਘੋੜ ਮੁਹੱਲਾ ਜ਼ੀਰਾ ਵਜੋਂ ਹੋਈ ਹੈ ਜਦੋਂਕਿ ਲਵੀ ਜੋਸ਼ੀ ਪੁਤਰ ਮੰਗਲ ਸਿੰਘ ਵਾਸੀ ਘੋੜ ਮੁਹੱਲਾ ਸਿਵਲ ਹਸਪਤਾਲ ਜ਼ੀਰਾ 'ਚ ਇਲਾਜ ਅਧੀਨ ਹੈ।

ਜ਼ਿਕਰਯੋਗ ਹੈ ਕਿ ਹਮਲਾਵਰਾਂ ਨੇ ਬੇਖ਼ੌਫ ਹੋ ਕੇ ਥਾਣਾ ਸਦਰ ਮੂਹਰੇ ਹੀ ਇਨ੍ਹਾਂ 'ਤੇ ਹਮਲਾ ਕਰ ਦਿੱਤਾ ਅਤੇ ਇਸ ਦੌਰਾਨ ਹਮਲਾਵਰਾਂ ਨੇ ਥਾਣੇ ਮੂਹਰੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਪਰ ਅਫਸੋਸ ਕਿ ਪੁਲਸ ਮੂਕ ਦਰਸ਼ਕ ਬਣੀ ਖੜ੍ਹੀ ਤਮਾਸ਼ਾ ਦੇਖਦੀ ਰਹੀ ਅਤੇ ਉਹ ਆਪਣੇ ਕਾਰੇ ਨੂੰ ਅੰਜਾਮ ਦੇ ਕੇ ਚੱਲਦੇ ਬਣੇ। ਸਦਰ ਥਾਣੇ ਦੇ ਸਾਹਮਣੇ ਗੁੰਡਾਗਰਦੀ ਦਾ ਨੰਗਾ ਨਾਚ ਹੋਇਆ। ਇਸ ਸਬੰਧੀ ਡੀਐੱਸਪੀ ਨਰਿੰਦਰ ਸਿੰਘ ਜ਼ੀਰਾ ਨੇ ਦੱਸਿਆ ਕਿ ਨੌਜਵਾਨ ਸੁਨੀਲ ਕੁਮਾਰ ਪੁੱਤਰ ਸਤਪਾਲ ਵਾਸੀ ਘੋੜਘਰ ਜ਼ੀਰਾ ਦੇ ਉਪਰ ਦਰਜਨ ਦੇ ਕਰੀਬ ਹਮਲਾਵਾਰਾ ਵੱਲੋਂ ਮਿੰਨੀ ਬੱਸ ਅੱਡਾ ਸ਼ਾਹਵਾਲਾ ਰੋਡ ਨੇੜੇ ਹਮਲਾ ਕਰਕੇ ਜ਼ਖ਼ਮੀ ਕਰ ਦਿੱਤਾ ਸੀ ਜੋ ਜੇਰੇ ਇਲਾਜ਼ ਹੈ ਅਤੇ ਪੁਲਿਸ ਵੱਲੋ ਪਾਰਟੀਆਂ ਬਣਾ ਕੇ ਦੋਸ਼ੀਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।

Posted By: Jagjit Singh