ਫ਼ਿਰੋਜ਼ਪੁਰ–ਪੱਟੀ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ, ਰਾਣਾ ਸੋਢੀ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
ਫ਼ਿਰੋਜ਼ਪੁਰ–ਪੱਟੀ ਰੇਲ ਲਿੰਕ ਪ੍ਰੋਜੈਕਟ ਨੂੰ ਮਨਜ਼ੂਰੀ ਮਿਲੀ, ਰਾਣਾ ਸੋਢੀ ਨੇ ਰੇਲ ਮੰਤਰੀ ਦਾ ਕੀਤਾ ਧੰਨਵਾਦ
Publish Date: Wed, 12 Nov 2025 05:21 PM (IST)
Updated Date: Wed, 12 Nov 2025 05:22 PM (IST)

ਹਰਚਰਨ ਸਿੰਘ ਸਾਮਾ, ਪੰਜਾਬੀ ਜਾਗਰਣ ਫਿਰੋਜ਼ਪੁਰ : ਰੇਲ ਮੰਤਰਾਲੇ ਵਲੋਂ ਪਿਛਲੇ 13 ਸਾਲਾਂ ਤੋਂ ਅਟਕਿਆ ਪਿਆ ਫ਼ਿਰੋਜ਼ਪੁਰ–ਪੱਟੀ ਰੇਲ ਲਿੰਕ ਪ੍ਰੋਜੈਕਟ ਹੁਣ ਹਰੀ ਝੰਡੀ ਪ੍ਰਾਪਤ ਕਰ ਗਿਆ ਹੈ। ਇਸ ਪ੍ਰੋਜੈਕਟ ਨਾਲ ਫਿਰੋਜ਼ਪੁਰ ਅਤੇ ਇਸਦੇ ਆਲੇ ਦੁਆਲੇ ਦੇ 10 ਲੱਖ ਤੋਂ ਵੱਧ ਲੋਕਾਂ ਨੂੰ ਫ਼ਾਇਦਾ ਹੋਵੇਗਾ। ਇਹ ਜਾਣਕਾਰੀ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਦਿੱਤੀ। ਉਨ੍ਹਾਂ ਕਿਹਾ ਕਿ 25.72 ਕਿਲੋਮੀਟਰ ਲੰਬਾ ਇਹ ਰੇਲ ਟਰੈਕ ਤਿਆਰ ਹੋਣ ਤੋਂ ਬਾਅਦ ਫ਼ਿਰੋਜ਼ਪੁਰ ਤੋਂ ਅੰਮ੍ਰਿਤਸਰ ਦੀ ਦੂਰੀ ਘੱਟ ਹੋ ਜਾਵੇਗੀ, ਜਿਸ ਨਾਲ ਸਿਰਫ਼ ਸ਼ਰਧਾਲੂ ਹੀ ਨਹੀਂ ਸਗੋਂ ਵਪਾਰੀ ਵਰਗ ਨੂੰ ਵੀ ਵੱਡਾ ਲਾਭ ਮਿਲੇਗਾ। ਉਨ੍ਹਾਂ ਦੱਸਿਆ ਕਿ ਰੇਲ ਮੰਤਰਾਲੇ ਨੇ ਰਾਜ ਦੇ ਮੁੱਖ ਸਕੱਤਰ ਨੂੰ ਜ਼ਮੀਨ ਅਧਿਗ੍ਰਹਿਣ ਲਈ ਪੱਤਰ ਭੇਜ ਦਿੱਤਾ ਹੈ। ਇਸ ਪ੍ਰੋਜੈਕਟ ਰਾਹੀਂ ਲਗਭਗ 3 ਲੱਖ ਤੋਂ ਵੱਧ ਲੋਕਾਂ ਨੂੰ ਰੋਜ਼ਗਾਰ ਦੇ ਮੌਕੇ ਵੀ ਮਿਲਣਗੇ। ਰਾਣਾ ਸੋਢੀ ਨੇ ਕਿਹਾ ਕਿ ਹੁਣ ਤੱਕ ਲੋਕ ਸਿਰਫ਼ ਸੜਕ ਰਾਹੀਂ ਅੰਮ੍ਰਿਤਸਰ ਜਾਂਦੇ ਸਨ, ਪਰ ਰੇਲ ਟਰੈਕ ਬਣਨ ਤੋਂ ਬਾਅਦ ਇਹ ਸਫ਼ਰ ਘੱਟ ਕਿਰਾਏ ਅਤੇ ਘੱਟ ਦੂਰੀ ਨਾਲ ਤੈਅ ਕੀਤਾ ਜਾ ਸਕੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨਾਲ ਰੇਲ ਜੋੜ ਬਣਨ ਤੋਂ ਬਾਅਦ ਗੁਜਰਾਤ ਤੇ ਮੁੰਬਈ ਤੱਕ ਦੀ ਦੂਰੀ ਵੀ ਘੱਟ ਹੋ ਜਾਵੇਗੀ, ਜਿਸ ਨਾਲ ਵਪਾਰੀ ਵਰਗ ਨੂੰ ਵੱਡਾ ਲਾਭ ਹੋਵੇਗਾ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਗੁਰਾਂ ਦੀ ਧਰਤੀ ਹੈ, ਜਿੱਥੇ ਹਰ ਰੋਜ਼ ਹਜ਼ਾਰਾਂ ਸ਼ਰਧਾਲੂ ਦੇਸ਼-ਵਿਦੇਸ਼ ਤੋਂ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਣ ਆਉਂਦੇ ਹਨ। ਇਥੇ ਹੋਰ ਧਾਰਮਿਕ ਤੇ ਇਤਿਹਾਸਕ ਸਥਾਨ ਵੀ ਹਨ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨਾਲ ਰੇਲ ਲਿੰਕ ਬਣਨ ਨਾਲ ਫ਼ਿਰੋਜ਼ਪੁਰ ਵਿਚ ਸੈਰ-ਸਪਾਟਾ ਵੀ ਵਧੇਗਾ। ਅੰਮ੍ਰਿਤਸਰ ਆਉਣ ਵਾਲੇ ਸ਼ਰਧਾਲੂ ਹੁਣ ਫ਼ਿਰੋਜ਼ਪੁਰ ਵਿਚ ਹੁਸੈਨੀਵਾਲਾ ਸਮੇਤ ਹੋਰ ਸੈਰ-ਸਪਾਟਾ ਸਥਾਨ ਵੀ ਦੇਖ ਸਕਣਗੇ। ਉਨ੍ਹਾਂ ਦੱਸਿਆ ਕਿ ਇਹ 764 ਕਰੋੜ ਰੁਪਏ ਦਾ ਪ੍ਰੋਜੈਕਟ ਹੈ ਅਤੇ ਜਿਨ੍ਹਾਂ ਲੋਕਾਂ ਤੋਂ ਜ਼ਮੀਨ ਲਈ ਜਾਵੇਗੀ, ਉਨ੍ਹਾਂ ਨੂੰ ਉਚਿਤ ਮੁਆਵਜ਼ਾ ਵੀ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਦਿਨਾਂ ਪੰਜਾਬ ਅਤੇ ਖ਼ਾਸ ਕਰਕੇ ਫਿਰੋਜ਼ਪੁਰ ਨੂੰ ਰੇਲਵੇ ਵੱਲੋਂ ਕਈ ਵੱਡੇ ਪ੍ਰੋਜੈਕਟ ਮਿਲ ਰਹੇ ਹਨ। ਰਾਣਾ ਸੋਢੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੇਲ ਮੰਤਰੀ ਅਸ਼ਵਿਨੀ ਵੈਸ਼ਣਵ ਅਤੇ ਰੇਲ ਰਾਜ ਮੰਤਰੀ ਰਵਨੀਤ ਬਿੱਟੂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਦੀ ਭਲਾਈ ਲਈ ਜੋ ਵੀ ਪ੍ਰੋਜੈਕਟ ਕੇਂਦਰ ਸਰਕਾਰ ਅੱਗੇ ਰੱਖੇ ਜਾ ਰਹੇ ਹਨ, ਉਹਨਾਂ ਸਭ ਨੂੰ ਕੇਂਦਰ ਵਲੋਂ ਹਰੀ ਝੰਡੀ ਮਿਲ ਰਹੀ ਹੈ।