v> ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਇਲਾਕੇ ਦੇ ਚੋਰ ਜਿਥੇ 'ਹਾਲੀਵੁਡ ਅਤੇ ਬਾਲੀਵੁਡ' ਫਿਲਮਾਂ ਤੋਂ ਕਾਫੀ ਜ਼ਿਆਦਾ ਮੁਤਾਸਿਰ ਨਜ਼ਰ ਆਉਂਦੇ ਹਨ , ਉਥੇ ਉਹ ਖਾਣ-ਪੀਣ ਦੇ ਵੀ ਕਾਫੀ ਸ਼ੌਕੀਨ ਲੱਗ ਰਹੇ ਹਨ। ਫਿਰੋਜ਼ਪੁਰ ਦੇ 'ਰਸੂਖਦਾਰ' ਚੋਰਾਂ ਵੱਲੋਂ ਬੀਤੇ ਸਮੇਂ ਵਿਚ ਏਟੀਐੱਮ ਚੋਰੀ ਤੋਂ ਲੈ ਕੇ ਹੋਰ ਜਿੰਨੀਆਂ ਵੀ ਚੋਰੀਆਂ ਜਾਂ ਲੁੱਟਾਂ-ਖੋਹਾਂ 'ਪਲਾਨ' ਕੀਤੀਆਂ ਗਈਆਂ ਹਨ, ਹਰ ਵਾਰਦਾਤ ਵੇਲੇ ਉਨ੍ਹਾਂ ਦਾ 'ਮੋਡਸ ਅਪਰੈਂਡੀ' ਕਿਸੇ ਨਾ ਕਿਸੇ ਹਾਲੀਵੁਡ ਜਾਂ ਬਾਲੀਵੁਡ ਦੀ ਫਿਲਮ ਦੀ ਤਰਜ਼ 'ਤੇ ਹੀ ਨਜ਼ਰ ਆਇਆ ਹੈ। ਇਸੇ ਤਰ੍ਹਾਂ ਹੁਣ ਚੋਰਾਂ ਦੇ ਖਾਣ-ਪੀਣ ਦਾ ਸ਼ੌਕ ਵੀ ਉਸ ਵੇਲੇ ਸਾਹਮਣੇ ਆਇਆ ਜਦੋਂ ਕੁਝ ਅਣਪਛਾਤੇ ਚੋਰਾਂ ਨੇ ਫੈਕਟਰੀ ਦੇ ਬਾਹਰ ਪਾਰਕਿੰਗ ਵਿਚ ਖੜ੍ਹੀ ਕੁਰਕੁਰਿਆਂ ਨਾਲ ਭਰੀ ਮਹਿੰਦਰਾ ਪਿੱਕ ਅੱਪ ਜੀਪ ਹੀ ਚੋਰੀ ਕਰ ਲਈ। ਵਾਰਦਾਤ ਜ਼ਿਲ੍ਹਾ ਫਿਰੋਜ਼ਪੁਰ ਦੇ ਕਸਬਾ ਗੁਰੂਹਰਸਹਾਏ ਦੀ ਦੱਸੀ ਜਾ ਰਹੀ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੀਪਕ ਕੁਮਾਰ ਪੁੱਤਰ ਮਹਿੰਦਰ ਕੁਮਾਰ ਵਾਸੀ ਵਾਸਲ ਮੋਹਨ ਕੇ ਨੇ ਦੱਸਿਆ ਕਿ ਉਹ ਕੁਰਕੁਰੇ ਦੀ ਫੈਕਟਰੀ ਵਿਚੋਂ ਕੁਰਕਰੇ ਦੀ ਗੱਡੀ ਲੋਡ ਕਰ ਕੇ ਹੋਰ ਗੱਡੀਆਂ ਦੇ ਨਾਲ ਫੈਕਟਰੀ ਦੇ ਬਾਹਰ ਗੇਟ ਨਾਲ ਬਣੀ ਪਾਰਕਿੰਗ ਵਿਚ ਗੱਡੀ ਖੜੀ ਕਰ ਕੇ ਘਰ ਚਲੇ ਗਏ ਸੀ। ਦੀਪਕ ਕੁਮਾਰ ਨੇ ਦੱਸਿਆ ਕਿ ਉਸ ਨੇ ਅਗਲੇ ਦਿਨ ਕੁਰਕੁਰੇ ਲੈ ਕੇ ਧਾਲੀਵਾਲ ਜ਼ਿਲ੍ਹਾ ਗੁਰਦਾਸਪੁਰ ਜਾਣਾ ਸੀ, ਪਰ ਜਦੋਂ ਗੱਡੀ ਦੇ ਡਰਾਈਵਰ ਨੇ ਆ ਕੇ ਵੇਖਿਆ ਕਿ ਕੁਰਕੁਰੇ ਨਾਲ ਲੋਡ ਕੀਤੀ ਮਹਿੰਦਰਾ ਪਿੱਕ ਜੀਪ ਨੰਬਰ ਪੀਬੀ 13 ਏ ਐੱਫ 0943 ਨੂੰ ਕੋਈ ਅਣਪਛਾਤਾ ਵਿਅਕਤੀ ਚੋਰੀ ਕਰ ਕੇ ਲੈ ਗਿਆ ਹੈ। ਇਸ 'ਤੇ ਉਨ੍ਹਾਂ ਫੌਰਨ ਪੁਲਿਸ ਨੂੰ ਇਤਲਾਹ ਕੀਤੀ। ਉਧਰ ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਗੁਰਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ 'ਤੇ ਅਣਪਛਾਤੇ ਵਿਅਕਤੀ ਖਿਲਾਫ 379 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ।

Posted By: Susheel Khanna