ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਹਜ਼ਾਰਾਂ ਕਿਸਾਨਾਂ, ਮਜ਼ਦੂਰਾਂ ਤੇ ਬੀਬੀਆਂ ਵੱਲੋ ਜੇਲ੍ਹ ਭਰੋ ਮੋਰਚੇ ਦੇ ਤੀਜੇ ਦਿਨ ਆਪਣੇ ਬੱਚਿਆਂ ਸਮੇਤ ਸ਼ਮੂਲੀਅਤ ਕੀਤੀ। ਸੋਮਵਾਰ ਮੁੱਖ ਰੇਲ ਮਾਰਗ ਜਾਮ ਕਰਨ ਦੇ ਅੰਦੋਲਨ ਅੱਗੇ ਝੁਕੇ ਕੈਪਟਨ ਸਰਕਾਰ ਨੂੰ 14 ਮੰਨੀਆਂ ਹੋਈਆਂ ਮੰਗਾਂ ਦਾ ਦੇਰ ਰਾਤ ਤਕ ਅੰਮਿ੍ਤਸਰ ਵਿਖੇ ਪ੍ਰਸ਼ਾਸਨਿਕ ਅਧਿਕਾਰੀਆਂ ਨਾਲ ਚੱਲੀ ਮੀਟਿੰਗ ਤੋਂ ਬਾਅਦ ਲਿਖਤੀ ਰੂਪ ਵਿਚ ਸਮਝੌਤਾ ਨੇਪਰੇ ਚਾੜਨਾ ਪਿਆ ਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੇ ਦਸਤਖਤਾਂ ਹੇਠ ਚਿੱਠੀ ਰਾਤ 12 ਵਜੇ ਜਾਰੀ ਹੋਣ ਤੋਂ ਬਾਅਦ ਹੀ ਫਿਰੋਜ਼ਪੁਰ ਸਮੇਤ ਪੰਜ ਡੀਸੀ ਦਫਤਰਾਂ ਅੱਗੇ ਲੱਗੇ ਪੱਕੇ ਮੋਰਚੇ ਮੁਲਤਵੀ ਕੀਤੇ ਗਏ। ਅੰਦੋਲਨਕਾਰੀ ਕਿਸਾਨਾਂ, ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂ, ਜ਼ਿਲ੍ਹਾ ਪ੍ਰਧਾਨ ਸੁਖਦੇਵ ਸਿੰਘ ਮੰਡ, ਸਕੱਤਰ ਸਾਹਿਬ ਸਿੰਘ ਦੀਨੇਕੇ ਤੇ ਮਜ਼ਦੂਰ ਆਗੂ ਬੀਬੀ ਮਨਜਿੰਦਰ ਕੌਰ ਲਹੂਕਾ ਖੁਰਦ ਨੇ ਤਿੰਨ ਦਿਨਾਂ ਜੇਲ੍ਹ ਭਰੋ ਮੋਰਚੇ ਨੂੰ ਕੈਪਟਨ ਤੇ ਮੋਦੀ ਸਰਕਾਰ ਖਿਲਾਫ ਅੰਦੋਲਨਕਾਰੀਆਂ ਦੀ ਵੱਡੀ ਜਿੱਤ ਕਰਾਰ ਦਿੱਤੀ। ਕਿਸਾਨ ਆਗੂਆਂ ਨੇ ਦੱਸਿਆ ਕਿ ਪੰਜਾਬ ਸਰਕਾਰ ਗੰਨੇ ਦਾ ਪਿਛਲਾ ਬਕਾਇਆ 171 ਕਰੋੜ ਰੁਪਏ 4 ਅਪ੍ਰਰੈਲ ਤਕ ਜਾਰੀ ਕਰੇਗੀ ਤੇ ਹਾਈਕੋਰਟ ਦੇ ਹੁਕਮਾਂ ਮੁਤਾਬਿਕ 15 ਫੀਸਦੀ ਵਿਆਜ ਦੇਣ ਦੀ ਵੀ ਪਾਬੰਦ ਹੋਵੇਗੀ। ਇਸ ਤੋਂ ਇਲਾਵਾ ਬੇਘਰਿਆਂ ਨੂੰ ਦਿੱਤੇ ਸਰਟੀਫਿਕੇਟਾਂ ਤੇ ਪੰਚਾਇਤਾਂ ਦੇ ਪਾਏ ਮਤਿਆਂ ਦੇ ਆਧਾਰ 'ਤੇ ਪੰਜ ਪੰਜ ਮਰਲੇ ਦੇ ਪਲਾਟ ਤੁਰੰਤ ਦਿੱਤੇ ਜਾਣਗੇ ਤੇ ਪੰਚਾਇਤੀ ਜ਼ਮੀਨਾਂ ਵਿਚ ਮਜ਼ਦੂਰਾਂ ਨੂੰ 1/3 ਹਿੱਸਾ ਰਾਖਵਾਂ, ਘੱਟ ਬੋਲੀ 'ਤੇ ਦੇਣਾ ਸਾਰੇ ਜ਼ਿਲਿ੍ਹਆਂ ਦੇ ਡਿਪਟੀ ਕਮਿਸ਼ਨਰ ਯਕੀਨੀ ਬਣਾਉਣਗੇ। ਇਸ ਤਰ੍ਹਾਂ ਕਿਸਾਨ ਅੰਦੋਲਨ ਦੌਰਾਨ ਤੇ ਸ਼ਹੀਦਾਂ ਦੇ ਪਰਿਵਰਾਂ ਦੇ ਇਕ ਮੈਂਬਰ ਨੂੰ ਨੌਕਰੀ ਦੀ ਮੰਨੀ ਹੋਈ ਮੰਗ ਪ੍ਰਵਾਨ ਕਰ ਲਈ ਗਈ ਹੈ ਤੇ ਚੋਣ ਕਮਿਸ਼ਨ ਨੂੰ ਚਿੱਠੀ ਲਿਖ ਕੇ ਇਸਦੀ ਮਨਜ਼ੂਰੀ ਮੰਗ ਲਈ ਗਈ ਹੈ। ਕਿਸਾਨ ਆਗੂਆਂ ਨੇ ਅੱਗੇ ਦੱਸਿਆ ਕਿ ਲਿਖਤੀ ਸਮਝੌਤੇ ਵਿਚ ਬੈਂਕਾਂ ਵੱਲੋਂ ਲਏ ਖਾਲੀ ਚੈੱਕ ਤੁਰੰਤ ਵਾਪਸ ਕਰ ਦਿੱਤੇ ਜਾਣਗੇ ਤੇ ਅੱਗੇ ਤੋਂ ਕਰਜ਼ਾ ਦੇਣ ਸਮੇਂ ਬੈਂਕ ਅਧਿਕਾਰੀ ਖਾਲੀ ਚੈੱਕ ਨਹੀਂ ਲੈ ਸਕਣਗੇ। ਡਾ. ਸੁਆਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਲਈ ਪੰਜਾਬ ਸਰਕਾਰ ਕੈਬਨਿਟ ਵਿਚ ਮਤਾ ਪਾਸ ਕਰਕੇ ਕੇਂਦਰ ਵਿਚ ਭੇਜੇਗੀ ਤੇ ਕਰਜੇ ਕਾਰਨ ਖੁਦਕੁਸ਼ੀ ਕਰ ਗਏ ਕਿਸਾਨਾਂ, ਮਜ਼ਦੂਰਾਂ ਦੇ ਕੇਸਾਂ ਵਿਚ ਪਹਿਲੀ ਪਾਲਸੀ ਮੁਤਾਬਿਕ 174 ਦੀ ਕਾਰਵਾਈ ਜ਼ਰੂਰੀ ਨਹੀਂ ਹੋਵੇਗੀ, ਤੇ ਰੱਦ ਕੀਤੇ ਗਏ ਪੈਡਿੰਗ ਕੇਸਾਂ ਦੀ ਦੁਬਾਰਾ ਜਾਂਚ ਕਰਨ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਵੱਖ ਜਿਲਿ੍ਹਆ ਨਾਲ ਸਬੰਧਤ ਸ਼ਿਕਾਇਤਾਂ ਮੀਟਿੰਗਾਂ ਕਰਕੇ ਡਿਪਟੀ ਕਮਿਸ਼ਨਰ ਤੇ ਜ਼ਿਲ੍ਹਾ ਪੁਲਿਸ ਮੁੱਖੀ ਇਕ ਹਫਤੇ ਦੇ ਅੰਦਰ ਅੰਦਰ ਹੱਲ ਕਰਨਗੇ। ਕਿਸਾਨ ਆਗੂਆਂ ਨੇ ਦੱਸਿਆ ਕਿ 4 ਅਪ੍ਰਰੈਲ ਨੂੰ ਸੂਬਾ ਕੋਰ ਕਮੇਟੀ ਦੀ ਮੀਟਿੰਗ ਅਗਲੇ ਪੜਾਅ ਦੇ ਸੰਘਰਸ਼ ਦੀ ਰੂਪ ਰੇਖਾ ਐਲਾਨੀ ਜਾਵੇਗੀ।