ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਫਿਰੋਜ਼ਪੁਰ ਦੇ ਕਸਬਾ ਮੱਲਾਂਵਾਲਾ 'ਚ ਇਕ ਕਿਸਾਨ ਨੇ ਆੜ੍ਹਤੀ ਵੱਲੋਂ ਦਿੱਤੀਆਂ ਜਾ ਰਹੀਆਂ ਧਮਕੀਆਂ ਤੋਂ ਪਰੇਸ਼ਾਨ ਹੋ ਕੇ ਗੁਰਦਿੱਤੀ ਵਾਲਾ ਹੈੱਡ ਵਰਕਸ ਰਾਜਸਥਾਨ ਨਹਿਰ 'ਚ ਛਾਲ ਮਾਰ ਦਿੱਤੀ। ਮੌਕੇ 'ਤੇ ਕਿਸਾਨ ਦੇ ਜੁੱਤੇ, ਕਪੜੇ ਤੇ ਇਕ ਸੁਸਾਇਡ ਨੋਟ ਮਿਲਿਆ ਹੈ। ਫਿਲਹਾਲ ਕਿਸਾਨ ਦੀ ਲਾਸ਼ ਨਹੀਂ ਮਿਲੀ, ਪਰ ਹਾਲਾਤ ਦੇਖਦੇ ਹੋਏ ਵੇਖਦੇ ਹੋਏ ਇਹ ਕਿਹਾ ਜਾ ਸਕਦਾ ਹੈ ਕਿ ਕਿਸਾਨ ਨੇ ਨਹਿਰ 'ਚ ਛਾਲ ਮਾਰ ਦਿੱਤੀ ਹੈ। ਫਿਲਹਾਲ ਲਾਸ਼ ਮਿਲਣ ਦਾ ਇੰਤਜਾਰ ਕੀਤਾ ਜਾ ਰਿਹਾ ਹੈ। ਪੁਲਿਸ ਨੇ ਸੁਸਾਈਡ ਨੋਟ ਤੇ ਪਿੰਡ ਬਸਤੀ ਪਾਲੂਵਾਲੀ ਵਾਸੀ ਕਿਸਾਨ ਕਸ਼ਮੀਰ ਸਿੰਘ ਦੇ ਬੇਟੇ ਗੁਰਬਚਨ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਨਹਿਰ 'ਚ ਛਾਲ ਮਾਰਨ ਵਾਲੇ ਕਿਸਾਨ ਦੀ ਪਛਾਣ ਕਸ਼ਮੀਰ ਸਿੰਘ ਵਜੋਂ ਹੋਈ ਹੈ।ਕਸਬਾ ਮੱਲਾਂਵਾਲਾ ਦੇ ਪਿੰਡ ਪਾਲੂਵਾਲੀ ਵਾਸੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਕਸ਼ਮੀਰ ਸਿੰਘ (65) ਆੜ੍ਹਤੀ ਗੁਰਾ ਸਿੰਘ ਵਾਸੀ ਬਸਤੀ ਖੁਸ਼ਹਾਲ ਸਿਾਂਘ ਵਾਲਾ ਦੀ ਆੜ੍ਹਤ 'ਤੇ ਫਸਲ ਵੇਚਦੇ ਸਨ ਤੇ ਉਸ ਨਾਲ ਉਸ ਦੇ ਪਿਤਾ ਦੇ ਪੈਸਿਆਂ ਦੇ ਲੈਣ-ਦੇਣ ਵੀ ਚਲਦਾ ਸੀ। ਕੁਝ ਸਮੇਂ ਤੋਂ ਆੜ੍ਹਤੀ ਗੁਰਾ ਸਿੰਘ ਨਾਲ ਉਸ ਦੇ ਪਿਤਾ ਦਾ ਝਗੜਾ ਰਹਿਣ ਲੱਗ ਪਿਆ ਸੀ। ਆੜ੍ਹਤੀ ਨੇ ਉਸ ਦੇ ਪਿਤਾ ਖ਼ਿਲਾਫ਼ ਅਦਾਲਤ 'ਚ ਮਾਮਲਾ ਦਰਜ ਦਰਜ ਕਰਵਾ ਦਿੱਤਾ ਸੀ। ਉਸ ਦੇ ਪਿਤਾ ਨੇ ਅਦਾਲਤ 'ਚ ਆੜ੍ਹਤੀਏ ਵੱਲੋਂ ਲਏ ਗਏ ਪੈਸਿਆਂ ਦੀਆਂ ਰਸੀਦਾਂ ਵੀ ਵਿਖਾਈਆਂ, ਬਾਵਜੂਦ ਆੜ੍ਹਤੀ ਉਸ ਦੇ ਪਿਤਾ 'ਤੇ ਦਬਾਅ ਬਣਾ ਰਿਹਾ ਸੀ। ਜਿਸ ਕਾਰਨ ਉਸ ਦੇ ਪਿਤਾ ਕਿਤੇ ਕੇਸ ਨਾਲ ਹਾਰ ਜਾਣ ਇਹ ਗੱਲ ਸੋਚ ਕੇ ਪਰੇਸ਼ਾਨ ਰਹਿਣ ਲੱਗ ਪਿਆ।

ਗੁਰਬਚਨ ਸਿੰਘ ਨੇ ਦੱਸਿਆ ਕਿ ਪਿਤਾ ਨੇ ਦੱਸਿਆ ਕਿ ਆੜ੍ਹਤੀ ਗੁਰਾ ਸਿੰਘ ਪੁਲਿਸ ਮੁਲਾਜ਼ਮ ਨਾਲ ਮਿਲ ਕੇ ਧਮਕੀਆਂ ਵੀ ਦਵਾ ਰਿਹਾ ਹੈ ਤੇ ਰਾਜੀਨਾਮਾ ਕਰਨ ਲਈ ਦਬਾਅ ਬਣਾ ਰਿਹਾ ਹੈ। ਇਸੇ ਗੱਲਾਂ ਕਾਰਨ ਕਸ਼ਮੀਰ ਸਿੰਘ ਪਰੇਸ਼ਾਨ ਹੋ ਗਿਆ, ਜਿਸ ਕਾਰਨ ਸ਼ੁੱਕਰਵਾਰ ਸਵੇਰੇ 4 ਵਜੇ ਘਰੋਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਕਹਿ ਕੇ ਘਰੋਂ ਨਿਕਲੇ ਪਰ ਜਦੋਂ ਉਹ ਦਿਨ ਚੜ੍ਹਨ ਤਕ ਵੀ ਵਾਪਸ ਨਾ ਪਰਤੇ ਤਾਂ ਉਨ੍ਹਾਂ ਨੇ ਭਾਲ ਸ਼ੁਰੂ ਕਰ ਦਿੱਤੀ। ਫਿਰ ਖੇਤਾਂ 'ਚ ਕੰਮ ਕਰ ਰਹੇ ਕਿਸਾਨਾਂ ਨੇ ਦੱਸਿਆ ਕਿ ਕਸ਼ਮੀਰ ਸਿੰਘ ਦਾ ਮੋਟਰਸਾਈਕਲ ਨਹਿਰ ਕੋਲ ਖੜ੍ਹਾ ਹੈ। ਉਥੇ ਜਾ ਕਿ ਵੇਖਿਆ ਤਾਂ ਉਥੇ ਕਸ਼ਮੀਰ ਸਿੰਘ ਦੇ ਜੁੱਤੇ, ਕੱਪੜੇ ਤੇ ਸੁਸਾਈਡ ਨੋਟ ਪਿਆ ਸੀ। ਸੁਸਾਈਡ ਨੋਟ 'ਚ ਕਿਸਾਨ ਕਸ਼ਮੀਰ ਸਿੰਘ ਨੇ ਆੜ੍ਹਤੀ ਗੁਰਾ ਸਿੰਘ ਵੱਲੋਂ ਪਰੇਸ਼ਾਨ ਕਰਨ ਦਾ ਦੋਸ਼ ਲਗਾਇਆ ਹੈ। ਮੌਕੇ 'ਤੇ ਪੁੱਜੇ ਥਾਣਾ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕਿ ਜਾਂਚ ਕਰਨ ਤੋਂ ਬਾਅਦ ਉਕਤ ਮੁਲਜ਼ਮ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।