ਰਵੀ ਸ਼ਰਮਾ, ਘੱਲਖੁਰਦ : ਮੁੱਖ ਖੇਤੀਬਾੜੀ ਦਫਤਰ ਮੋਗਾ ਰੋਡ, ਫਿਰੋਜ਼ਪੁਰ ਵਿਖੇ ਖੇਤੀਬਾੜੀ ਵਿਭਾਗ ਵੱਲੋਂ ਹਾੜੀ 2019-20 ਦੀਆਂ ਫਸਲਾਂ ਸਬੰਧੀ ਨਵੀਨਤਮ ਤਕਨੀਕੀ ਜਾਣਕਾਰੀ ਦੇਣ ਲਈ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਲਾਇਆ ਗਿਆ। ਇਸ ਕੈਂਪ 'ਚ ਜ਼ਿਲ੍ਹੇ ਭਰ ਤੋਂ ਕਿਸਾਨਾਂ ਨੇ ਭਾਗ ਲਿਆ। ਡਿਪਟੀ ਕਮਿਸ਼ਨਰ ਚੰਦਰ ਗੈਂਦ ਆਈਏਐੱਸ ਫਿਰੋਜ਼ਪੁਰ ਨੇ ਇਸ ਕੈਂਪ ਦਾ ਉਦਘਾਟਨ ਕੀਤਾ ਅਤੇ ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਖੇਤੀਬਾੜੀ ਫਸਲਾਂ ਸਬੰਧੀ ਖੇਤੀ ਮਾਹਿਰਾਂ ਦੀਆਂ ਸਿਫਾਰਸ਼ਾਂ ਅਤੇ ਖੇਤੀਬਾੜੀ ਵਿਭਾਗ ਦੇ ਅਫਸਰਾਂ ਨਾਲ ਤਾਲਮੇਲ ਰੱਖਦੇ ਹੋਏ ਹੀ ਆਪਣੀ ਫਸਲ ਦੀ ਨਿਗਰਾਨੀ ਕਰਨ। ਉਨ੍ਹਾਂ ਨੇ ਕਿਹਾ ਕਿ ਕਿਸਾਨ ਵੀਰ ਖੇਤੀਬਾੜੀ ਦੇ ਨਾਲ ਨਾਲ ਸਹਾਇਕ ਧੰਦੇ ਵੀ ਅਪਨਾਉਣ ਅਤੇ ਆਪਣੀ ਆਮਦਨ ਵਿਚ ਵਾਧਾ ਕਰਨ। ਕੈਂਪ ਵਿਚ ਮੁੱਖ ਮਹਿਮਾਨ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਫਿਰੋਜ਼ਪੁਰ ਸ਼ਹਿਰ ਵੱਲੋਂ ਆਏ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਗਿਆ ਕਿ ਆਉਣ ਵਾਲੇ ਹਾੜੀ ਸੀਜ਼ਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਸ਼ ਕੀਤੀਆਂ ਗਈਆਂ ਕਿਸਮਾਂ ਦੀ ਬਿਜਾਈ ਕੀਤੀ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਵਿਚ ਆਪਣੀ ਫਸਲ ਨੂੰ ਪੱਕਣ ਉਪਰੰਤ ਹੀ ਕੱਟ ਕੇ ਲਿਆਂਦਾ ਜਾਵੇ ਤਾਂ ਜੋ ਕਿਸਾਨਾਂ ਨੂੰ ਮੰਡੀ ਵਿਚ ਕੋਈ ਸਮੱਸਿਆ ਨਾ ਆਵੇ। ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਖੇਤੀਬਾੜੀ ਵਿਭਾਗ ਦੇ ਮਾਹਿਰਾਂ ਨੇ ਵੱਖ ਵੱਖ ਫਸਲਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ।

ਡਾ. ਜਗਤਾਰ ਸਿੰਘ ਬਰਾੜ ਸੰਯੁਕਤ ਡਾਇਰੈਕਟਰ ਖੇਤੀਬਾੜੀ (ਇੰਨਪੁਟਸ) ਵੱਲੋਂ ਆਪਣੇ ਸੁਨੇਹੇ 'ਚ ਹਾੜ੍ਹੀ ਦੀਆਂ ਫਸਲਾਂ ਖਾਸ ਤੌਰ 'ਤੇ ਕਣਕ ਦੀ ਬਿਜਾਈ ਸਮੇਂ ਮਿੱਟੀ ਪਰਖ ਤੋਂ ਲੈ ਕੇ ਬੀਜ਼ ਸੋਧ ਅਤੇ ਲੋੜ ਅਨੁਸਾਰ ਖਾਦਾਂ ਅਤੇ ਦਵਾਈਆਂ ਪਾਉਣ ਦੀ ਅਪੀਲ ਕੀਤੀ।

-----------

ਕੀ ਕਹਿੰਦੇ ਹਨ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫ਼ਸਰ

ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਫਿਰੋਜ਼ਪੁਰ ਨੇ ਦੱਸਿਆ ਕਿ 'ਚ ਖੇਤੀਬਾੜੀ ਸਬੰਧੀ ਚਲਾਈਆਂ ਜਾ ਰਹੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ। ਵੱਖ ਵੱਖ ਸਕੀਮਾਂ ਬਾਰੇ ਜਾਣਕਾਰੀ ਦੇਣ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਹਾੜ੍ਹੀ 2019-20 ਦੌਰਾਨ ਖਾਦ, ਬੀਜ ਅਤੇ ਦਵਾਈਆਂ ਦਾ ਪ੍ਰਬੰਧ ਕਰ ਲਿਆ ਗਿਆ ਹੈ, ਅਤੇ ਆਉਣ ਵਾਲੇ ਹਾੜੀ ਦੇ ਸੀਜ਼ਨ ਵਿਚ ਖਾਦਾਂ ਦੀ ਕੋਈ ਕਮੀ ਨਹੀਂ ਆਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਕੈਂਪ ਤੋਂ ਬਾਅਦ ਬਲਾਕ ਪੱਧਰ, ਪਿੰਡ ਪੱਧਰ ਦੇ ਕੈਂਪ ਵੀ ਕਿਸਾਨਾਂ ਦੀ ਤਕਨੀਕੀ ਜਾਣਕਾਰੀ ਵਧਾਉਣ ਲਈ ਲਗਾਏ ਜਾਣਗੇ। ਉਨ੍ਹਾਂ ਦੱਸਿਆ ਕਿ ਅਸੀਂ ਪਿੰਡ ਪਿੰਡ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਣਕਾਰੀ ਦੇ ਰਹੇ ਹਾਂ, ਤੇ ਫਸਲਾਂ ਦੀ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਵਹਾਉਣ ਦੇ ਤਰੀਕੇ ਦੀ ਦੱਸ ਰਹੇ ਹਾਂ ਅਤੇ ਇਸ ਰਹਿੰਦ ਖੂੰਹਦ ਨੂੰ ਖੇਤਾਂ ਵਿਚ ਸਮੇਟਣ ਵਾਸਤੇ ਆਈ ਨਵੀਂ ਮਸ਼ੀਨਰੀ ਤੇ ਇਸ ਦੇ ਲਾਭ ਦੀ ਜਾਣਕਾਰੀ ਕੈਂਪਾਂ ਰਾਹੀਂ ਦਿੱਤੀ ਜਾ ਰਹੀ ਹੈ।