ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਕਿਸਾਨ ਵਿਰੋਧੀ ਕਾਲੇ ਕਾਨੂੰਨਾਂ ਖ਼ਿਲਾਫ਼ ਦੇਸ਼ ਭਰ ਦਾ ਕਿਸਾਨ ਦਿੱਲੀ ਵਿਖੇ ਸ਼ਾਂਤਮਈ ਢੰਗ ਨਾਲ ਅੰਦੋਲਨ ਕਰ ਰਿਹਾ ਹੈ ਪਰ ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਦੇ ਅੰਦੋਲਨ ਨੂੰ ਫੇਲ੍ਹ ਕਰਨ ਲਈ ਲਗਾਤਾਰ ਕਈ ਤਰ੍ਹਾਂ ਦੇ ਹਥਕੰਡੇ ਅਪਣਾਏ ਜਾ ਰਹੇ ਹਨ। ਕੇਂਦਰ ਸਰਕਾਰ ਨੇ ਇਕ ਨਵੀਂ ਚਾਲ ਚਲਦੇ ਹੋਏ ਕਿਸਾਨ ਆਗੂਆਂ ਨੂੰ ਐੱਨਆਈਏ ਦੇ ਨੋਟਿਸ ਭੇਜ ਕੇ ਲੋਹੜੀ ਵਾਲੇ ਦਿਨ ਪੁੱਛਗਿੱਛ ਕੀਤੀ ਤੇ ਫਿਰ 18 ਜਨਵਰੀ ਲਈ ਨੋਟਿਸ ਜਾਰੀ ਕਰ ਕੇ ਸੱਦਾ ਦਿੱਤਾ ਗਿਆ ਸੀ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕੁਲਵਿੰਦਰ ਸਿੰਘ ਚੰਦੀ ਨੇ ਦੱਸਿਆ ਕਿਸਾਨ ਵਿਰੋਧੀ ਕਾਨੂੰਨਾਂ ਖ਼ਿਲਾਫ਼ ਪਿਛਲੇ ਲੰਮੇ ਸਮੇਂ ਤੋਂ ਉਹ ਦਿੱਲੀ ਵਿਖੇ ਆਪਣੀ ਹਾਜ਼ਰੀ ਭਰ ਰਹੇ ਹਨ ਅਤੇ ਕੇਂਦਰ ਸਰਕਾਰ ਵੱਲੋਂ ਉਨ੍ਹਾਂ ਨੂੰ ਐਨ.ਆਈ.ਏ ਦੇ ਨੋਟਿਸ ਭੇਜ ਕੇ 18 ਜਨਵਰੀ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਸਨ ਪਰ ਉਹ ਪੇਸ਼ ਨਹੀ ਹੋਏ ਅਤੇ ਹੁਣ ਮੁੜ ਸਰਕਾਰ ਵੱਲੋਂ ਐਨ.ਆਈ.ਏ ਦੇ ਨੋਟਿਸ ਭੇਜੇ ਗਏ ਹਨ ਜਿਸ ਅੰਦਰ ਉਨ੍ਹਾਂ ਨੇ ਕੁਲਵਿੰਦਰ ਸਿੰਘ ਚੰਦੀ ਨੂੰ 26 ਤਰੀਕ ਨੂੰ ਪੇਸ਼ ਹੋਣ ਦੇ ਹੁਕਮ ਦਿੱਤੇ ਹਨ। ਚੰਦੀ ਨੇ ਸਰਕਾਰ ਨੂੰ ਨੋਟਿਸ ਦਾ ਜਵਾਬ ਦਿੰਦੇ ਹੋਏ ਦੱਸਿਆ ਕਿ 26 ਨੂੰ ਕਿਸੇ ਵੀ ਹਾਲਤ 'ਚ ਉਹ ਪੇਸ਼ ਨਹੀਂ ਹੋਣਗੇ ਉਨ੍ਹਾਂ ਕਿਹਾ ਕਿ 26 ਜਨਵਰੀ ਨੂੰ ਦੇਸ਼ ਭਰ ਦਾ ਕਿਸਾਨ ਦਿੱਲੀ ਵਿਖੇ ਕੇਂਦਰੀ ਸਰਕਾਰ ਦੀ ਹਿੱਕ 'ਤੇ ਤਿਰੰਗਾ ਲਹਿਰਾਇਆ। ਇਸ ਮੌਕੇ ਫਾਜ਼ਿਲਕਾ ਜ਼ਿਲ੍ਹੇ ਦੇ ਸੰਯੁਕਤ ਕਿਸਾਨ ਆਗੂਆਂ ਨੇ ਕੇਂਦਰ ਸਰਕਾਰ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਸਰਕਾਰ ਸੋਚਦੀ ਹੈ ਕਿ ਉਹ ਕਿਸਾਨ ਆਗੂਆਂ ਨੂੰ ਪਰਚੇ ਦਾ ਨੋਟਿਸ ਭੇਜ ਕੇ ਡਰਾਉਣਾ ਚਾਹੁੰਦੀ ਹੈ ਤਾਂ ਕਿਸਾਨ ਸਰਕਾਰ ਦੇ ਫੋਕੇ ਨੋਟਿਸ ਅਤੇ ਪਰਚਿਆਂ ਤੋਂ ਕਦੇ ਵੀ ਨਹੀਂ ਡਰਦੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਾਲੇ ਕਾਨੂੰਨ ਰੱਦ ਨਾ ਕੀਤੇ ਤਾਂ ਉਹ ਆਪਣਾ ਸੰਘਰਸ਼ ਹੋਰ ਤੇਜ ਕਰਨਗੇ।