ਜ਼ਿਲ੍ਹੇ ਸਿੰਘ, ਮੰਡੀ ਲਾਧੂਕਾ : ਇਲਾਕੇ ਦੇ ਕਿਸਾਨਾਂ ਵੱਲੋ ਪੂਰੇ ਜੋਰਾ ਨਾਲ ਝੋਨੇ ਦੀ ਬਿਜਾਈ ਦਾ ਕੰਮ ਕੀਤਾ ਜਾ ਰਿਹਾ ਹੈ ਪਰ ਨਹਿਰੀ ਵਿਭਾਗ ਕੁੰਭਕਰਨੀ ਦੀ ਨੀਂਦ ਸੁੱਤਾ ਨਜ਼ਰ ਆ ਰਿਹਾ ਹੈ। ਇਸ ਤੋਂ ਪਹਿਲਾਂ ਨਹਿਰੀ ਵਿਭਾਗ ਵੱਲੋਂ ਮਈ ਦੇ ਮਹੀਨੇ 'ਚ ਨਹਿਰਾਂ ਦੀ ਸਫਾਈ ਤੇ ਰਿਪੇਅਰ ਦਾ ਕੰਮ ਪੂਰਾ ਕੀਤਾ ਜਾਦਾ ਸੀ, ਜੋ ਹੁਣ ਤਕ ਕਿਤੇ ਵੀ ਨਜ਼ਰ ਨਹੀਂ ਆ ਰਿਹਾ। ਨਹਿਰੀ ਵਿਭਾਗ 'ਤੇ ਇਕ ਪੂਰਾਣੀ ਕਹਾਵਤ 'ਬੂਹੇ ਆਈ ਜੰਝ ਵੀਣੋ ਕੁੜੀ ਦੇ ਕੰਨ' ਵਾਲੀ ਬਿਲਕੁਲ ਸਹੀ ਹੁੰਦੀ ਨਜ਼ਰ ਆ ਰਹੀ ਹੈ। ਇਲਾਕੇ ਦੇ ਕਿਸਾਨਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਕਿਹਾ ਕਿ ਪੰਜਾਬ ਸਰਕਾਰ ਵੱਲਂੋ ਝੋਨੇ ਦੀ ਬਿਜਾਈ ਦਾ ਕੰਮ 13 ਜੂਨ ਤੋ ਸ਼ੁਰੂ ਕਰਨ ਲਈ ਕਿਹਾ ਗਿਆ ਸੀ,ਪਰ ਨਹਿਰੀ ਵਿਭਾਗ ਵੱਲੋਂ ਝੋਨੇ ਦੇ ਸੀਜਨ ਵੇਖਦੇ ਹੋਏ ਕਿਸੇ ਤਰ੍ਹਾਂ ਦੀ ਵੀ ਤਿਆਰੀ ਨਹੀ ਕੀਤੀ ਗਈ। ਕਿਸਾਨਾਂ ਨੂੰ ਨਹਿਰੀ ਵਿਭਾਗ ਦੀ ਲਾਪਰਵਾਹੀ ਕਾਰਨ ਮਹਿੰਗੇ ਭਾਅ 'ਤੇ ਡੀਜ਼ਲ ਬਾਲ ਕੇ ਆਪਣੇ ਝੋਨੇ ਦੇ ਖੇਤਾਂ 'ਚੋਂ ਪਾਣੀ ਪੂਰਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਕਿਸਾਨ ਸ਼ੇਖਰ ਮਹਿਤਾ, ਰਾਜੇਸ਼ ਬੱਟੀ,ਉਮ ਪ੍ਰਕਾਸ਼, ਪ੍ਰੇਮ ਚੰਦ, ਬਿੰਦਰ ਕੰਬੋਜ ਤੇ ਸੋਨੂੰ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਪੰਜਾਬ ਦੀ ਕਿਸਾਨੀ ਪਹਿਲਾਂ ਹੀ ਕਰਜ਼ੇ ਦੇ ਬੋਝ ਥੱਲੇ ਦਿਨੋ-ਦਿਨ ਦੱਬੀ ਜਾ ਰਹੀ ਹੈ ਤੇ ਉਪਰ ਤੋ ਸਰਕਾਰਾਂ ਵੱਲੋ ਕਿਸਾਨਾਂ ਦੇ ਹਿੱਤਾ ਲਈ ਪਾਣੀ ਦੇ ਪੂਰੇ ਪ੍ਰਬੰਧ ਨਾ ਕਰਨ ਕਰਕੇ ਕਿਸਾਨਾਂ ਨੂੰ ਖੇਤਾਂ ਚੋ ਪਾਣੀ ਪੂਰਾ ਕਰਨ ਲਈ ਜਰਨੇਟਰਾਂ ਦਾ ਸਹਾਰਾ ਲੈਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਅੱਗੇ ਉਨ੍ਹਾਂ ਕਿਹਾ ਕਿ ਛੋਟੇ ਕਿਸਾਨਾਂ ਕੋਲ ਟਰੈਕਟਰ ਤੇ ਜਰਨੇਟਰ ਦਾ ਪ੍ਰਬੰਧ ਨਾ ਹੋਣ ਕਾਰਨ ਮਹਿੰਗੇ ਖਰਚ ਕਰਕੇ ਝੋਨੇ ਦੀ ਫਸਲ ਦੀ ਬਿਜਾਈ ਵਾਸਤੇ ਕੀਤੀ ਜਮੀਨ ਨਹਿਰੀ ਪਾਣੀ ਨਾ ਆਉਣ ਕਾਰਨ ਬੱਜਰ ਦਾ ਰੂਪ ਧਾਰਨ ਕਰ ਰਹੀ ਹੈ। ਉਨ੍ਹਾਂ ਨੇ ਪੰਜਾਬ ਸਰਕਾਰ ਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆ ਤੋਂ ਮੰਗ ਕੀਤੀ ਹੈ ਕਿ ਜਲਦ ਤੇ ਜਲਦ ਨਹਿਰਾ ਦੀ ਸਫਾਈ ਤੇ ਪਾਣੀ ਦਾ ਪ੍ਰਬੰਧ ਕੀਤਾ ਜਾਵੇ ਤੇ ਨਹਿਰਾ 'ਚ ਸਾਫ ਪਾਣੀ ਛੱਡਿਆ ਜਾਵੇ ਤਾਂ ਜੋ ਕਿਸਾਨ ਆਪਣੀ ਝੋਨੇ ਦੀ ਫਸਲ ਦੀ ਬਿਜਾਈ ਸਮੇਂ ਸਿਰ ਕਰ ਸਕਣ ਤੇ ਫਸਲ ਉਪਰ ਹੋਣ ਵਾਲੇ ਨਜਾਇਜ ਡੀਜਲ ਦੇ ਖਰਚ ਨੂੰ ਰੋਕਿਆ ਜਾ ਸਕੇ।