ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਵਾਤਾਵਰਨ ਨੂੰ ਗੰਧਲਾ ਹੋਣ ਤੋਂ ਬਚਾਉਣ ਲਈ ਕਣਕ 'ਤੇ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਲਈ ਖੇਤੀਬਾੜੀ ਵਿਭਾਗ ਫ਼ਾਜ਼ਿਲਕਾ ਵੱਲੋਂ ਲਗਾਏ ਜਾ ਰਹੇ ਕਿਸਾਨ ਜਾਗਰੂਕਤਾ ਕੈਂਪਾਂ ਨੂੰ ਬੂਰ ਪੈਣ ਲੱਗ ਪਿਆ ਹੈ। ਖੇਤੀਬਾੜੀ ਵਿਭਾਗ ਦੀ ਜਾਗਰੂਕਤਾ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਕਿਸਾਨ ਪਰਾਲੀ ਸਾੜਨ ਦੀ ਬਜਾਏ ਇਸ ਦਾ ਵਾਤਾਵਰਣ ਪੱਖੀ ਨਿਬੇੜਾ ਕਰ ਰਹੇ ਹਨ। ਅਜਿਹੇ ਹੀ ਕਿਸਾਨਾਂ 'ਚ ਸ਼ਾਮਲ ਹੈ ਜ਼ਿਲ੍ਹੇ ਦੇ ਪਿੰਡ ਧਰਾਂਗਵਾਲਾ ਦਾ ਅਗਾਂਹਵਧੂ ਕਿਸਾਨ ਗੁਰਮੀਤ ਸਿੰਘ ਜੋ ਵਾਤਾਵਰਨ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਕਾਰਜ਼ਸੀਲ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਉਹ ਬਾਰਵੀਂ ਪਾਸ ਹੈ ਅਤੇ 16 ਏਕੜ ਤੋਂ ਵਧੇਰੇ ਜ਼ਮੀਨ ਅੰਦਰ ਖੇਤੀਬਾੜੀ ਕਰਦਾ ਹੈ।

ਅਗਾਂਹਵਧੂ ਕਿਸਾਨ ਦਾ ਕਹਿਣਾ ਹੈ ਉਸਨੇ ਪਿਛਲੇ 7 ਸਾਲਾਂ ਤੋਂ ਨਾ ਤਾਂ ਝੋਨੇ ਦੀ ਪਰਾਲੀ ਸਾੜੀ ਹੈ ਅਤੇ ਨਾ ਹੀ ਕਦੇ ਕਣਕ ਦੇ ਨਾੜ ਨੂੰ ਲਗਾਈ ਹੈ। ਉਸਨੇ ਦੱਸਿਆ ਕਿ ਪਰਾਲੀ ਸਾੜਨ ਨਾਲ ਜਿੱਥੇ ਵਾਤਾਵਰਣ ਗੰਧਲਾ ਹੁੰਦਾ ਹੈ ਅਤੇ ਮਨੁੱਖੀ ਸਿਹਤ ਤੇ ਮਾੜਾ ਅਸਰ ਪੈਂਦਾ ਹੈ, ਉਥੇ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘਟਦੀ ਹੈ ਅਤੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ। ਉਸਨੇ ਆਪਣੇ ਤਜਰਬੇ ਦੇ ਆਧਾਰ 'ਤੇ ਦੱਸਿਆ ਕਿ ਕਣਕ ਦੇ ਨਾੜ ਅਤੇ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਇਸ ਨੂੰ ਵੱਖ-ਵੱਖ ਖੇਤੀਬਾੜੀ ਆਧੁਨਿਕ ਸੰਦਾਂ ਦੀ ਵਰਤੋਂ ਨਾਲ ਜ਼ਮੀਨ ਅੰਦਰ ਹੀ ਵਾਉਣਾ ਚਾਹੀਦਾ ਹੈ।

ਉਸਨੇ ਦੱਸਿਆ ਕਿ ਆਉਣ ਵਾਲੀ ਪੀੜ੍ਹੀ ਨੂੰ ਪ੍ਰਦੂਸ਼ਣ ਰਹਿਤ ਤੇ ਬਿਮਾਰੀਆਂ ਮੁਕਤ ਮਾਹੌਲ ਮਹੱਈਆ ਕਰਵਾਉਣ ਲਈ ਪਰਾਲੀ 'ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਪਰਹੇਜ਼ ਕਰਨਾ ਸਮੇਂ ਦੀ ਮੁੱਖ ਲੋੜ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਲੋਕਾਂ ਵਿਚ ਇਹ ਧਾਰਨਾ ਬਣੀ ਹੋਈ ਹੈ ਕਿ ਜੇ ਪਰਾਲੀ ਨੂੰ ਅੱਗ ਨਹੀਂ ਲਗਾਵਾਂਗੇ ਤਾਂ ਫ਼ਸਲ ਦਾ ਵਧੀਆ ਝਾੜ ਪ੍ਰਾਪਤ ਨਹੀਂ ਹੋਵੇਗਾ ਪਰ ਇਹ ਸਹੀ ਨਹੀਂ ਹੈ। ਕਿਸਾਨ ਨੇ ਦੱਸਿਆ ਕਿ ਉਸ ਵੱਲੋਂ ਪਿਛਲੇ ਸਾਲ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ ਜਿਸ ਨਾਲ ਉਸਦੀ ਫ਼ਸਲ ਦਾ 55 ਮਨ ਝਾੜ ਰਿਹਾ ਜੋ ਕਿ ਹੋਰਨਾਂ ਨਾਲ ਵਧੇਰੇ ਸੀ।

ਉਸ ਵੱਲੋਂ ਆਰਐਮਬੀ ਪਲੋਅ 'ਤੇ ਮਲਚਰ ਦੀ ਵਰਤੋਂ ਨਾਲ ਝੋਨੇ ਦੀ ਖੇਤੀ ਕੀਤੀ ਗਈ ਸੀ ਅਤੇ ਪਰਾਲੀ 'ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਦੀ ਬਜਾਏ ਜ਼ਮੀਨ ਵਿਚ ਹੀ ਰਲਾਇਆ ਗਿਆ ਸੀ, ਜਿਸ ਨਾਲ ਉਸਦੀ ਫ਼ਸਲ ਬਹੁਤ ਸੋਹਣੀ ਨਿਸਰੀ ਹੈ 'ਤੇ ਖ਼ਰਚਾ ਵੀ ਘੱਟ ਹੋਇਆ ਹੈ। ਕਿਸਾਨ ਨੇ ਦੱਸਿਆ ਕਿ ਉਹ ਸਮੇਂ-ਸਮੇਂ 'ਤੇ ਖੇਤੀਬਾੜੀ ਵਿਭਾਗ ਨਾਲ ਰਾਬਤਾ ਕਰਦਾ ਰਿਹਾ ਜਿਸ ਕਾਰਨ ਉਹ ਬੇਲੋੜੇ ਖ਼ਰਚੇ ਕਰਨ ਤੋਂ ਵੀ ਬਚ ਗਿਆ ਤੇ ਫ਼ਸਲ ਦਾ ਝਾੜ ਵੀ ਵੱਧ ਪ੍ਰਾਪਤ ਕਰਨ 'ਚ ਕਾਮਯਾਬ ਹੋਇਆ।

ਉਸਨੇ ਦੱਸਿਆ ਕਿ ਪਿੰਡ ਧਰਾਂਗਵਾਲਾ ਵਿਖੇ ਇਕ ਪ੍ਰੋਗਰੈਸਿਵ ਫਾਰਮਰ ਕਲੱਬ ਵੀ ਬਣਿਆ ਹੋਇਆ ਹੈ ਜਿੱਥੇ ਕਿਸਾਨਾਂ ਵੱਲੋਂ ਆਪਣੇ ਤਜਰਬੇ ਸਾਂਝੇ ਕੀਤੇ ਜਾਂਦੇ ਹਨ ਅਤੇ ਹੋਰਨਾਂ ਕਿਸਾਨਾਂ ਨੂੰ ਵੀ ਪਰਾਲੀ 'ਤੇ ਰਹਿੰਦ-ਖੂੰਹਦ ਨੂੰ ਅੱਗ ਨਾ ਲਗਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ।