Faridkot News : ਡੇਢ ਕਰੋੜ ਦੀ ਲਾਟਰੀ ਦੀ ਜੇਤੂ ਨੇ ਗੈਂਗਸਟਰਾਂ ਦੇ ਡਰੋਂ ਘਰ ਛੱਡਿਆ, ਫੋਨ ਵੀ ਕੀਤਾ ਬੰਦ
ਨਸੀਬ ਕੌਰ ਦੇ ਪਤੀ ਰਾਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਪੰਜਾਹ ਰੁਪਏ ਵਾਲੀ ਲਾਟਰੀ ਦੀ ਟਿਕਟ ਖ਼ਰੀਦ ਰਹੇ ਸਨ। ਇਸ ਵਾਰ ਲਾਟਰੀ ਵਿਕਰੇਤਾ ਰਾਜੂ ਨੇ ਉਨ੍ਹਾਂ ਨੂੰ 200 ਰੁਪਏ ਵਾਲੀ ਲਾਟਰੀ ਦੀ ਟਿਕਟ ਖ਼ਰੀਦਣ ਲਈ ਪ੍ਰੇਰਤ ਕੀਤਾ। ਨਸੀਬ ਕੌਰ ਦੇ ਨਾਂ ’ਤੇ ਖ਼ਰੀਦੀ ਗਈ ਇਸ ਟਿਕਟ ਨੇ ਉਨ੍ਹਾਂ ਨੂੰ ਪਹਿਲਾ ਡੇਢ ਕਰੋੜ ਰੁਪਏ ਦਾ ਇਨਾਮ ਦਿਵਾਇਆ।
Publish Date: Tue, 09 Dec 2025 09:14 PM (IST)
Updated Date: Tue, 09 Dec 2025 09:19 PM (IST)
ਜਾਸ, ਫ਼ਰੀਦਕੋਟ : ਪੰਜਾਬ ’ਚ ਗੈਂਗਸਟਰਾਂ ਦੀ ਦਹਿਸ਼ਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ ਸਟੇਟ ਲਾਟਰੀ ਦਾ ਡੇਢ ਕਰੋੜ ਰੁਪਏ ਦਾ ਪਹਿਲਾ ਇਨਾਮ ਜਿੱਤਣ ਵਾਲੀ ਜ਼ਿਲ੍ਹੇ ਦੇ ਪਿੰਡ ਸੈਦੇਕੇ ਦੀ ਮਜ਼ਦੂਰ ਪਰਿਵਾਰ ਦੀ ਮਹਿਲਾ ਨਸੀਬ ਕੌਰ ਆਪਣਾ ਘਰ ਛੱਡ ਕੇ ਕਿਤੇ ਹੋਰ ਰਹਿਣ ਚਲੀ ਗਈ ਹੈ। ਉਸ ਨੇ ਆਪਣਾ ਫੋਨ ਵੀ ਬੰਦ ਕਰ ਲਿਆ ਹੈ। ਖ਼ੁਸ਼ੀ ਮਨਾਉਣ ਦੀ ਥਾਂ ਪਰਿਵਾਰ ਨੂੰ ਡਰ ਸਤਾ ਰਿਹਾ ਹੈ ਕਿ ਕਿਤੇ ਗੈਂਗਸਟਰਾਂ ਉਨ੍ਹਾਂ ਕੋਲੋਂ ਰੰਗਦਾਰੀ ਨਾ ਮੰਗਣ ਲੱਗ ਪੈਣ।
ਨਸੀਬ ਕੌਰ ਦੇ ਪਤੀ ਰਾਮ ਸਿੰਘ ਨੇ ਦੱਸਿਆ ਕਿ ਉਹ ਪਿਛਲੇ ਦੋ ਸਾਲਾਂ ਤੋਂ ਪੰਜਾਹ ਰੁਪਏ ਵਾਲੀ ਲਾਟਰੀ ਦੀ ਟਿਕਟ ਖ਼ਰੀਦ ਰਹੇ ਸਨ। ਇਸ ਵਾਰ ਲਾਟਰੀ ਵਿਕਰੇਤਾ ਰਾਜੂ ਨੇ ਉਨ੍ਹਾਂ ਨੂੰ 200 ਰੁਪਏ ਵਾਲੀ ਲਾਟਰੀ ਦੀ ਟਿਕਟ ਖ਼ਰੀਦਣ ਲਈ ਪ੍ਰੇਰਤ ਕੀਤਾ। ਨਸੀਬ ਕੌਰ ਦੇ ਨਾਂ ’ਤੇ ਖ਼ਰੀਦੀ ਗਈ ਇਸ ਟਿਕਟ ਨੇ ਉਨ੍ਹਾਂ ਨੂੰ ਪਹਿਲਾ ਡੇਢ ਕਰੋੜ ਰੁਪਏ ਦਾ ਇਨਾਮ ਦਿਵਾਇਆ। ਰਾਮ ਸਿੰਘ ਤੇ ਨਸੀਬ ਕੌਰ ਦੇ ਤਿੰਨ ਧੀਆਂ ਤੇ ਇਕ ਪੁੱਤਰ ਹੈ।
ਧੀਆਂ ਵਿਆਹੀਆਂ ਹਨ, ਜਦਕਿ ਪੁੱਤਰ ਅਜੇ ਅਣਵਿਹਾਇਆ ਹੈ ਤੇ ਖੇਤ ਮਜ਼ਦੂਰੀ ਕਰਦਾ ਹੈ। ਲਾਟਰੀ ਨਿਕਲਣ ਤੋਂ ਬਾਅਦ ਰਾਮ ਸਿੰਘ ਤੇ ਨਸੀਬ ਕੌਰ ਨੂੰ ਇਹ ਚਿੰਤਾ ਸਤਾਉਣ ਲੱਗੀ ਕਿ ਕਿਤੇ ਗੈਂਗਸਟਰ ਉਨ੍ਹਾਂ ਕੋਲੋਂ ਰੰਗਦਾਰੀ ਨਾ ਮੰਗਣ ਲੱਗ ਪੈਣ। ਇਸ ਡਰ ਕਾਰਨ ਉਹ ਆਪਣੇ ਪਿੰਡ ਸੈਦੇਕੇ ’ਚ ਆਪਣੇ ਘਰ ਨਹੀਂ ਰਹਿ ਰਹੇ। ਹਾਲਾਂਕਿ ਡੀਐੱਸਪੀ ਤਰਲੋਚਨ ਸਿੰਘ ਨੇ ਪਰਿਵਾਰ ਨੂੰ ਭਰੋਸਾ ਦਿੱਤਾ ਹੈ ਕਿ ਉਹ ਖ਼ੁਸ਼ੀ ਮਨਾਉਮ ਤੇ ਕਿਸੇ ਤਰ੍ਹਾਂ ਦਾ ਡਰ ਨਾ ਰੱਖਣ।