ਜੇਐੱਨਐੱਨ, ਫਾਜਿਲਕਾ : ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚੋਂ ਲਗਜ਼ਰੀ ਗੱਡੀਆਂ ਚੋਰੀ ਕਰ ਕੇ ਉਨ੍ਹਾਂ ਦੇ ਰਜਿਸਟਰੇਸ਼ਨ ਤੇ ਚੈਸੀ ਨੰਬਰ ਬਦਲ ਕੇ ਅੱਗੇ ਵੇਚਣ ਵਾਲੇ ਗਿਰੋਹ ਦੇ ਤਿੰਨ ਮੈਂਬਰਾਂ ਨੂੰ ਫਾਜਿਲਕਾ ਪੁਲਿਸ ਨੇ ਗਿ੍ਫ਼ਤਾਰ ਕੀਤਾ ਹੈ, ਜਦਕਿ ਗਿਰੋਹ ਦਾ ਮਾਸਟਰ ਮਾਈਂਡ ਤੇ ਉਸ ਦੇ ਦੋ ਸਾਥੀ ਫ਼ਰਾਰ ਹਨ। ਕਾਬੂ ਕੀਤੇ ਗਿਰੋਹ ਦੇ ਮੈਂਬਰਾਂ ਕੋਲੋਂ 15 ਲਗਜ਼ਰੀ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਗਿਰੋਹ 'ਚ ਬਠਿੰਡਾ ਦੇ ਡੀਟੀਓ ਦਫ਼ਤਰ ਦਾ ਕਲਰਕ ਤੇ ਉਸ ਦਾ ਸਹਾਇਕ ਵੀ ਸ਼ਾਮਲ ਹੈ, ਜੋ ਚੋਰੀ ਕੀਤੀਆਂ ਗੱਡੀਆਂ ਦੇ ਨੰਬਰ ਬਦਲਦਾ ਸੀ ਅਤੇ ਉਸ ਨੂੰ ਵਿਭਾਗ ਦੀ ਸਾਈਟ 'ਤੇ ਅਪਲੋਡ ਕਰ ਦਿੰਦਾ ਸੀ। ਪੁਲਿਸ ਨੇ ਕਲਰਕ ਦੇ ਸਹਾਇਕ ਨੂੰ ਕਾਬੂ ਕਰ ਲਿਆ ਹੈ, ਜਦਕਿ ਕਲਰਕ ਹਾਲੇ ਫ਼ਰਾਰ ਹੈ।

ਫਾਜਿਲਕਾ 'ਚ ਪ੍ਰਰੈਸ ਕਾਨਫਰੰਸ ਦੌਰਾਨ ਐੱਸਐੱਸਪੀ ਭੁਪਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਨਿਰਦੇਸ਼ਾਂ 'ਤੇ ਡੀਜੀਪੀ ਦੀ ਅਗਵਾਈ 'ਚ ਫਿਰੋਜ਼ਪੁਰ ਰੇਂਜ ਦੇ ਆਈਜੀਪੀ ਬੀ. ਚੰਦਰਸ਼ੇਖਰ ਨਾਲ ਮਿਲ ਕੇ ਨਸ਼ੇ ਤੇ ਚੋਰੀ ਦੀਆਂ ਵਾਰਦਾਤਾਂ ਨੂੰ ਠੱਲ੍ਹ ਪਾਉਣ ਲਈ ਮੁਹਿੰਮ ਚਲਾਈ ਗਈ ਹੈ। ਜਿਸ ਤਹਿਤ 12 ਸਤੰਬਰ ਨੂੰ ਸੂਚਨਾ ਮਿਲੀ ਸੀ ਕਿ ਯੂਪੀ ਦੇ ਗਾਜੀਆਬਾਦ ਵਾਸੀ ਮੁਹੰਮਦ ਸ਼ਕੀਲ ਵੱਖ-ਵੱਖ ਸੂਬਿਆਂ ਤੋਂ ਗੱਡੀਆਂ ਚੋਰੀ ਕਰ ਕੇ ਗੱਡੀਆਂ ਦੇ ਇੰਜਨ ਤੇ ਚੈਸੀ ਨੰਬਰ ਪੰਚ ਕਰ ਕੇ ਅਤੇ ਡੀਟੀਓ ਦਫ਼ਤਰ ਦੇ ਕਲਰਕ ਤੇ ਉਸ ਦੇ ਸਹਾਇਕ ਦੀ ਮਦਦ ਨਾਲ ਗੱਡੀਆਂ ਦੇ ਨੰਬਰ ਆਨਲਾਈਨ ਚੜ੍ਹਾ ਕੇ ਤੇ ਜਾਅਲੀ ਰਜਿਸਟਰੇਸ਼ਨ ਕਾਪੀਆਂ ਬਣਾ ਕੇ ਲੋਕਾਂ ਨੂੰ ਵੇਚਦੇ ਸਨ। ਗੱਡੀਆਂ ਵੇਚਣ ਦਾ ਕੰਮ ਸ੍ਰੀ ਮੁਕਤਸਰ ਸਾਹਿਬ ਦੇ ਵਸਨੀਕ ਬਲਵੰਤ ਸਿੰਘ ਉਰਫ਼ ਬਾਬਾ ਤੇ ਜ਼ਿਲ੍ਹਾ ਮੋਗਾ ਦੇ ਪਿੰਡ ਬਾਘਾਪੁਰਾਣਾ ਵਾਸੀ ਰਾਜੀਵ ਕੁਮਾਰ ਜ਼ਰੀਏ ਕੀਤਾ ਜਾਂਦਾ ਸੀ। ਪੁਲਿਸ ਨੇ ਸੂਚਨਾ ਦੇ ਆਧਾਰ 'ਤੇ 12 ਸਤੰਬਰ ਨੂੰ ਹੀ ਮਾਮਲਾ ਦਰਜ ਕਰ ਲਿਆ ਸੀ ਅਤੇ ਗਿਰੋਹ ਦੀ ਤਲਾਸ਼ ਸ਼ੁਰੂ ਕਰ ਦਿੱਤੀ ਸੀ। ਇਸ ਦੌਰਾਨ ਪੁਲਿਸ ਨੂੰ ਸੂਚਨਾ ਮਿਲੀ ਕਿ ਇਕ ਵਿਅਕਤੀ ਜ਼ਿਲ੍ਹੇ 'ਚ ਕਾਰ ਵੇਚਣ ਆ ਰਿਹਾ ਹੈ। ਜਿਸ ਤੋਂ ਬਾਅਦ ਉਨ੍ਹਾਂ ਪੁਲਿਸ ਕਪਤਾਨ ਕੁਲਦੀਪ ਸ਼ਰਮਾ, ਉਪ ਕਪਤਾਨ ਭੁਪਿੰਦਰ ਸਿੰਘ ਤੇ ਸੀਆਈਏ ਇੰਚਾਰਜ ਇੰਸਪੈਕਟਰ ਜਗਦੀਸ਼ ਕੁਮਰ ਦੀ ਇਕ ਟੀਮ ਬਣਾਈ ਅਤੇ 16 ਸਤੰਬਰ ਦੀ ਰਾਤ 8 ਵਜੇ ਬਲਵੰਤ ਸਿੰਘ ਉਰਫ਼ ਬਾਬਾ ਤੇ ਰਾਜੀਵ ਕੁਮਾਰ ਨੂੰ ਗਿ੍ਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਉਨ੍ਹਾਂ ਬਠਿੰਡਾ ਦੇ ਆਰਟੀਆਈ ਦਫ਼ਤਰ ਦੇ ਕਲਰਕ ਵੱਲੋਂ ਰੱਖੇ ਗਏ ਸਹਾਇਕ ਗੌਰਵ ਨੂੰ ਵੀ ਗਿ੍ਫ਼ਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮਾਂ ਤੋਂ 15 ਗੱਡੀਆਂ ਬਰਾਮਦ ਕੀਤੀਆਂ ਹਨ, ਜਿਨ੍ਹਾਂ ਦੀ ਕੁਲ ਕੀਮਤ 1.25 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਸ ਤਰ੍ਹਾਂ ਚਲਾਉਂਦੇ ਸੀ ਗੋਰਖਧੰਦਾ

ਸੀਆਈਏ ਇੰਚਾਰਜ ਜਗਦੀਸ਼ ਕੁਮਾਰ ਨੇ ਦੱਸਿਆ ਕਿ ਗਿਰੋਹ ਦਾ ਮੁਖੀਆ ਗਾਜੀਆਬਾਦ ਵਾਸੀ ਮੁਹੰਮਦ ਸ਼ਕੀਲ ਹੈ, ਜੋ ਵੱਖ-ਵੱਖ ਰਾਜਾਂ ਤੋਂ ਗੱਡੀਆਂ ਚੋਰੀ ਕਰਦਾ ਸੀ। ਬਲਵੰਤ ਸਿੰਘ ਉਰਫ਼ ਬਾਬਾ ਗਾਹਕ ਦੇ ਹਿਸਾਬ ਨਾਲ ਗੱਡੀਆਂ ਦੀ ਮੰਗ ਰੱਖਦਾ ਸੀ। ਰਾਜੀਵ ਕੁਮਾਰ ਏਜੰਟ ਦੇ ਤੌਰ 'ਤੇ ਕੰਮ ਕਰਦਾ ਸੀ, ਜੋ ਚੋਰੀ ਦੀਆਂ ਗੱਡੀਆਂ ਦੇ ਕਾਗ਼ਜ਼ ਤਿਆਰ ਕਰਵਾਉਂਦਾ ਸੀ। ਬਠਿੰਡਾ ਦੇ ਡੀਟੀਓ ਦਫਤਰ ਦਾ ਕਲਰਕ ਸ਼ੀਤਲ ਸਿੰਘ ਗੱਡੀਆਂ ਦੇ ਨੰਬਰ ਬਦਲਣ ਤੇ ਸਹਾਇਕ ਗੌਰਵ, ਕਲਰਕ ਸ਼ੀਤਲ ਦੀ ਆਈਡੀ ਦਾ ਇਸਤੇਮਾਲ ਕਰਕੇ ਉਸ ਨੂੰ ਆਨਲਾਈਨ ਕਰਦਾ ਸੀ। ਜਿਸ ਤੋਂ ਬਾਅਦ ਗੱਡੀ ਗਾਹਕਾਂ ਨੂੰ ਵੇਚ ਦਿੱਤੀ ਜਾਂਦੀ ਸੀ।

ਇਹ ਗੱਡੀਆਂ ਬਰਾਮਦ ਹੋਈਆਂ

ਐੱਸਐੱਸਪੀ ਭੁਪਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕੁਲ 15 ਗੱਡੀਆਂ ਬਰਾਮਦ ਹੋਈਆਂ ਹਨ। ਜਿਨ੍ਹਾਂ 'ਚੋਂ ਇਕ ਫਾਰਚੂਨਰ, 3 ਇਨੋਵਾ, 5 ਬਰੀਜਾ, 4 ਸਵਿਫਟ ਡਿਜ਼ਾਇਰ, ਇਕ ਮਹਿੰਦਰਾ ਬਲੈਰੋ, ਇਕ ਵੱਡਾ ਟਰਾਲਾ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਗਿਰੋਹ ਦਾ ਮੁਖੀਆ ਮੁਹੰਮਦ ਸ਼ਕੀਲ ਹਾਲੇ ਫ਼ਰਾਰ ਹੈ, ਉਸ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।