ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਬੀਤੇ ਦਿਨੀਂ ਮੋਗਾ ਪੁਲਿਸ ਵੱਲੋਂ 4 ਕਰੋੜ ਰੁਪਏ ਦੀ ਹੈਰੋਇਨ ਸਮੇਤ ਫੜੇ ਗਏ ਨਸ਼ਾ ਤਸਕਰ ਦੇ ਮਾਮਲੇ 'ਚ ਨਵਾਂ ਮੋੜ ਆ ਗਿਆ ਹੈ । ਦਰਅਸਲ ਜਿਸ ਇਨੌਵਾ ਗੱਡੀ 'ਚੋਂ ਹੈਰੋਇਨ ਫੜੀ ਗਈ ਹੈ, ਉਹ ਗੱਡੀ ਹਲਕਾ ਫਿਰੋਜ਼ਪੁਰ ਦਿਹਾਤੀ ਦੀ ਕਾਂਗਰਸੀ ਵਿਧਾਇਕਾ ਸਤਿਕਾਰ ਕੌਰ ਗਹਿਰੀ ਦੇ ਜੇਠ ਦੇ ਮੁੰਡੇ ਅਤੇ ਜ਼ਿਲ੍ਹਾ ਯੂਥ ਕਾਂਗਰਸ ਦੇ ਪ੍ਰਧਾਨ ਮਨੀ ਗਹਿਰੀ ਦੇ ਛੋਟੇ ਭਰਾ ਮਨਪ੍ਰਰੀਤ ਸਿੰਘ ਦੀ ਦੱਸੀ ਜਾ ਰਹੀ ਹੈ। ਇਸ ਸਬੰਧੀ ਵੱਡਾ ਖੁਲਾਸਾ ਕਰਦਿਆਂ ਹਲਕਾ ਫਿਰੋਜ਼ਪੁਰ ਦਿਹਾਤੀ ਦੇ ਸਾਬਕਾ ਅਕਾਲੀ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਤੇ ਯੂਥ ਅਕਾਲ ਦਲ ਦੇ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਨੇ ਕਾਂਗਰਸੀ ਵਿਧਾਇਕ ਅਤੇ ਉਨ੍ਹਾਂ ਦੇ ਪਰਿਵਾਰ 'ਤੇ ਕਈ ਗੰਭੀਰ ਦੋਸ਼ ਲਗਾਏ। ਫੜੇ ਗਏ ਸਮੱਗਲਰ ਤੇ ਉਸ ਦੇ ਨਾਲ ਨਾਮਜ਼ਦ ਕਾਂਗਰਸੀ ਸਰਪੰਚ ਦੀਆਂ ਵਿਧਾਇਕਾ ਦੇ ਪਰਿਵਾਰ ਨਾਲ ਫੋਟੋਆਂ ਜਾਰੀ ਕਰਦਿਆਂ ਅਕਾਲੀ ਆਗੂਆਂ ਨੇ ਦੋਸ਼ ਲਗਾਏ ਕਿ ਇਕ ਕਿੱਲਾ ਜ਼ਮੀਨ ਦਾ ਮਾਲਕ ਉਕਤ ਕਾਂਗਰਸੀ ਸਰਪੰਚ ਕਈ ਮਹਿੰਗੀਆਂ ਗੱਡੀਆਂ ਰੱਖਣ ਦਾ ਸ਼ੌਕੀਨ ਹੈ। ਉਨ੍ਹਾਂ ਦੋਸ਼ ਲਗਾਏ ਕਿ ਪੁਲਿਸ ਵੱਲੋਂ ਭਾਵੇਂ ਦੋ ਲੋਕਾਂ ਦੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ ਪਰ ਨਸ਼ਾ ਸਮੱਗਿਲੰਗ ਲਈ ਵਰਤੀ ਜਾਣ ਵਾਲੀ ਇਨੋਵਾ ਗੱਡੀ ਵਿਧਾਇਕ ਸਤਿਕਾਰ ਕੌਰ ਦੇ ਜੇਠ ਸ਼ੇਰ ਸਿੰਘ ਗਹਿਰੀ ਦੇ ਛੋਟੇ ਲੜਕੇ ਮਨਪ੍ਰਰੀਤ ਸਿੰਘ ਦੀ ਹੈ। ਪੁਲਿਸ ਵੱਲੋਂ ਗੱਡੀ ਦੇ ਮਾਲਕ ਖ਼ਿਲਾਫ਼ ਮਾਮਲਾ ਨਾ ਦਰਜ ਕਰਨਾ ਪੁਲਿਸ ਦੀ ਭੂਮਿਕਾ 'ਤੇ ਸਵਾਲੀਆ ਨਿਸ਼ਾਨ ਲਾਉਂਦਾ ਹੈ। ਇਸ ਮੌਕੇ ਜੋਗਿੰਦਰ ਸਿੰਘ ਜਿੰਦੂ ਨੇ ਆਖਿਆ ਕਿ ਕੈਪਟਨ ਅਮਰਿੰਦਰ ਸਿੰਘ ਚੋਣਾਂ ਤੋਂ ਪਹਿਲੋਂ ਗੁੱਟਕਾ ਸਾਹਿਬ ਦੀ ਸਹੁੰ ਖਾ ਕੇ ਚਾਰ ਹਫਤਿਆਂ ਵਿਚ ਨਸ਼ਾ ਖਤਮ ਕਰਨ ਦਾ ਦਾਅਵਾ ਕਰਦੇ ਸਨ ,ਪਰ ਚਾਰ ਸਾਲ ਤੱਕ ਵੀ ਨਸ਼ਾ ਖਤਮ ਨਹੀਂ ਹੋਇਆ। ਜਿਕਰਯੋਗ ਹੈ ਕਿ ਬੀਤੀ 6 ਅਪ੍ਰਰੈਲ ਨੂੰ ਮੋਗਾ ਦੀ ਸੀਆਈਏ ਸਟਾਫ ਪੁਲਿਸ ਵੱਲੋਂ ਇਨੋਵਾ ਗੱਡੀ ਸਮੇਤ ਫੜੇ ਇਕ ਸਮੱਗਲਰ ਤੋਂ ਚਾਰ ਕਰੋੜ ਰੁਪਏ ਮੁੱਲ ਦੀ 800 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ। ਇਸ ਸਬੰਧੀ ਮੋਗਾ ਪੁਲਿਸ ਵੱਲੋਂ ਸੁਖਜਿੰਦਰ ਸਿੰਘ ਵਾਸੀ ਆਲੇਵਾਲਾ ਫਿਰੋਜ਼ਪੁਰ ਅਤੇ ਲਵਪ੍ਰਰੀਤ ਸਿੰਘ ਵਾਸੀ ਨੌਰੰਗ ਕੇ ਸਿਆਲ , ਨੇੜੇ ਮਿਲਟਰੀ ਡੇਅਰੀ ਫਿਰੋਜ਼ਪੁਰ ਕੈਂਟ ਖ਼ਿਲਾਫ਼ ਮੋਗਾ ਸਦਰ ਥਾਣੇ ਵਿਖੇ ਮਾਮਲਾ ਦਰਜ ਕੀਤਾ ਗਿਆ ਸੀ। ਇਸ ਸਬੰਧੀ ਪੁਲਿਸ ਵੱਲੋਂ ਸੁਖਜਿੰਦਰ ਸਿੰਘ ਨੂੰ ਗਿ੍ਫਤਾਰ ਕੀਤਾ ਸੀ ਜਦਕਿ ਕਾਂਗਰਸੀ ਸਰਪੰਚ ਦੱਸਿਆ ਜਾ ਰਿਹਾ ਲਵਪ੍ਰਰੀਤ ਸਿੰਘ ਅਜੇ ਫਰਾਰ ਹੈ।

...............................................................

ਸਿਆਸਤ ਭਖਾਉਣ ਵਾਲੇ ਮਾਮਲੇ 'ਚ ਸਵਾਲਾਂ ਦੇ ਘੇਰੇ 'ਚ ਪੁਲਿਸ : ਬੱਬੂ

--ਇਸ ਮੌਕੇ ਕਾਂਗਰਸ ਪਾਰਟੀ 'ਤੇ ਨਿਸ਼ਾਨੇ ਵਿੰਨਦਿਆਂ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਸੁਰਿੰਦਰ ਸਿੰਘ ਬੱਬੂ ਨੇ ਮੋਗਾ ਪੁਲਿਸ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਖੜ੍ਹਾ ਕੀਤਾ। ਬੱਬੂ ਨੇ ਦੋਸ਼ ਲਗਾਏ ਕਿ ਜਦੋਂ ਮਾਮਲੇ ਵਿਚ ਨਾਮਜਦ ਗੱਡੀ ਕਾਂਗਰਸੀ ਵਿਧਾਇਕਾ ਦੇ ਜੇਠ ਦੇ ਪੁੱਤ ਅਤੇ ਯੂਥ ਕਾਂਗਰਸ ਪ੍ਰਧਾਨ ਦੇ ਭਰਾ ਦੀ ਹੈ ਤਾਂ ਇਸ ਤੋਂ ਉਨ੍ਹਾਂ ਦੀ ਮਾਮਲੇ ਵਿਚ ਮਿਲੀਭੁਗਤ ਸਾਫ ਨਜ਼ਰ ਆਉਂਦੀ ਹੈ। ਇਸ ਦੇ ਬਾਵਜੂਦ ਪੁਲਿਸ ਵੱਲੋਂ ਗੱਡੀ ਦੇ ਮਾਲਕ ਖਿਲਾਫ ਮਾਮਲਾ ਦਰਜ ਨਾ ਕਰਨਾ, ਪੁਲਿਸ ਦੀ ਭੂਮਿਕਾ ਨੂੰ ਸ਼ੱਕੀ ਬਣਾਉਂਦਾ ਹੈ।

----

ਮਾੜੇ ਕੰਮ ਕਰਨ ਵਾਲਿਆਂ 'ਤੇ ਹੋਵੇ ਕਾਰਵਾਈ : ਲਾਡੀ ਗਹਿਰੀ

- ਇਸ ਸਬੰਧੀ ਵਿਧਾਇਕਾ ਸਤਿਕਾਰ ਕੋਰ ਗਹਿਰੀ ਨਾਲ ਤਾਂ ਸੰਪਰਕ ਨਹੀਂ ਹੋ ਸੱਕਿਆ, ਪਰ ਦੇਰ ਸ਼ਾਮ ਵਿਧਾਇਕਾ ਦੇ ਪਤੀ ਲਾਡੀ ਗਹਿਰੀ ਨਾਲ ਗੱਲ ਹੋਣ 'ਤੇ ਉਨ੍ਹਾਂ ਆਖਿਆ ਕਿ ਜਿਹੜੇ ਲੋਕ ਮਾੜੇ ਕੰਮ ਕਰਦੇ ਹਨ ਉਨ੍ਹਾਂ ਖ਼ਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਪੁਲਿਸ ਨੇ ਕਾਰਵਾਈ ਕੀਤੀ ਵੀ ਹੈ। ਉਨ੍ਹਾਂ ਦੇ ਭਤੀਜੇ ਦੀ ਗੱਡੀ ਦੀ ਸ਼ਮੂਲੀਅਤ ਸਬੰਧੀ ਪੁੱਛੇ ਜਾਣ 'ਤੇ ਲਾਡੀ ਗਹਿਰੀ ਨੇ ਦੱਸਿਆ ਕਿ ਕਾਂਗਰਸੀ ਸਰਪੰਚ ਹੋਣ ਕਾਰਨ ਉਹ ਉਨ੍ਹਾਂ ਦੇ ਭਤੀਜੇ ਤੋਂ ਗੱਡੀ ਮੰਗ ਕੇ ਲੈ ਗਿਆ ਸੀ। ਉਨ੍ਹਾਂ ਨੂੰ ਉਸ ਸਰਪੰਚ ਦੇ ਮਾੜੇ ਕੰਮਾਂ ਸਬੰਧੀ ਕੋਈ ਜਾਣਕਾਰੀ ਨਹੀਂ ਸੀ।

..................................................

ਗੱਡੀ ਮਾਮਲੇ 'ਚ ਨਾਮਜ਼ਦ, ਮਾਲਕ ਦੀ ਪੜਤਾਲ ਕਰਕੇ ਕਰਾਂਗੇ ਪਰਚੇ 'ਚ ਸ਼ਾਮਲ : ਸੀਆਈਏ ਸਟਾਫ ਇੰਚਾਰਜ ਮੋਗਾ

--ਇਸ ਸਬੰਧੀ ਪੁੱਛੇ ਜਾਣ 'ਤੇ ਸੀਆਈਏ ਸਟਾਫ ਮੋਗਾ ਦੇ ਇੰਸਪੈਕਟਰ ਤਰਲੋਚਨ ਸਿੰਘ ਨੇ ਦੱਸਿਆ ਕਿ ਸਮੱਗਲਰ ਕੋਲੋਂ ਫੜੀ ਗਈ ਗੱਡੀ ਨੂੰ ਪਰਚੇ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਦੇ ਮਾਲਕ ਦੀ ਪੜਤਾਲ ਕਰਕੇ ਉਸ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।