ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ : ਹੁਣ ਇਸ ਨੂੰ ਇਤਫ਼ਾਕ ਆਖਿਆ ਜਾਵੇ ਜਾਂ ਕੁਝ ਹੋਰ ਕਿ ਬੀਐੱਸਐੱਫ ਦੀ 136 ਬਟਾਲੀਅਨ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਡ੍ਰੋਨ ਸਬੰਧੀ ਦਿੱਤੀ ਗਈ ਜਾਣਕਾਰੀ ਵਾਲੀ ਰਾਤ ਹੀ ਪਾਕਿਸਤਾਨ ਵੱਲੋਂ ਨਸ਼ਿਆਂ ਦੀ ਖੇਪ ਲੈ ਕੇ ਇਕ ਡ੍ਰੋਨ ਨਾ ਸਿਰਫ਼ ਭਾਰਤੀ ਸਰਹੱਦ ਲੰਘ ਆਇਆ ਸਗੋਂ ਬੀਐੱਸਐਫ ਵੱਲੋਂ ਫਾਇਰਿੰਗ ਕਰਨ ’ਤੇ ਵਾਪਸ ਮੁੜਦਿਆਂ ਕਰੀਬ ਸਾਢੇ ਤਿੰਨ ਕਿਲੋ ਹੈਰੋਇਨ ਸਰਹੱਦੀ ਖੇਤਾਂ ਵਿਚ ਸੁੱਟ ਗਿਆ ਜਿਸ ਨੂੰ ਬਾਅਦ ਵਿਚ ਪੁਲਿਸ ਤੇ ਬੀਐੱਸਐੱਫ ਨੇ ਬਰਾਮਦ ਕਰ ਲਿਆ।

ਪ੍ਰੈੱਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਚਰਨਜੀਤ ਸਿੰਘ ਸੋਹਲ ਤੇ ਬੀਐੱਸਐੱਫ ਦੇ ਕਮਾਂਡੈਂਟ ਉਦੈ ਪ੍ਰਤਾਪ ਸਿੰਘ ਚੌਹਾਨ ਅਤੇ ਅਮਰਜੀਤ ਸਿੰਘ ਆਈਸੀ ਨੇ ਦੱਸਿਆ ਕਿ ਯਾਦਵਿੰਦਰ ਸਿੰਘ ਪੀਪੀਐੱਸ, ਉਪ ਕਪਤਾਨ ਪੁਲਿਸ, ਸਬ ਡਵੀਜ਼ਨ ਦਿਹਾਤੀ ਫਿਰੋਜ਼ਪੁਰ ਦੀ ਅਗਵਾਈ ਵਾਲੀ ਟੀਮ ਨੂੰ ਇਤਲਾਹ ਮਿਲੀ ਕਿ 28/29 ਜੂਨ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨ ਵੱਲੋਂ ਡ੍ਰੋਨ ਚੌਂਕੀ ਮੱਬੋ ਕੇ ਏਰੀਏ ਵਿਚ ਦਿਖਾਈ ਦਿੱਤਾ, ਜਿਸ ’ਤੇ ਬੀਐੱਸਐੱਫ ਦੇ ਜਵਾਨਾਂ ਵੱਲੋਂ ਫਾਇਰਿੰਗ ਕੀਤੀ ਗਈ, ਜਿਸ ਮਗਰੋਂ ਡ੍ਰੋਨ ਕੋਈ ਸ਼ੱਕੀ ਵਸਤੂ ਸੁੱਟ ਕੇ ਵਾਪਸ ਚਲਾ ਗਿਆ।

ਜ਼ਿਲ੍ਹਾ ਪੁਲਿਸ ਫਿਰੋਜ਼ਪੁਰ ਅਤੇ ਬੀਐੱਸਐੱਫ ਵੱਲੋਂ ਉਦੈ ਪ੍ਰਤਾਪ ਸਿੰਘ ਚੌਹਾਨ ਕਮਾਂਡੈਂਟ, ਅਮਰਜੀਤ ਸਿੰਘ ਆਈਸੀ ਅਤੇ ਗੁਰਪ੍ਰੀਤ ਸਿੰਘ ਗਿੱਲ ਡਿਪਟੀ ਕਮਾਂਡੈਂਟ ਦੀ ਨਿਗਰਾਨੀ ਹੇਠ ਸਬੰਧਤ ਏਰੀਆ ’ਚ ਤਲਾਸ਼ੀ ਲਈ ਗਈ ਤਾਂ 29 ਜੂਨ ਨੂੰ ਬਲਵੰਤ ਸਿੰਘ ਵਾਸੀ ਕਾਲੂ ਅਰਾਈਆਂ ਹਿਠਾੜ ਨੇ ਇਤਲਾਹ ਦਿੱਤੀ ਕਿ ਉਸ ਦੀ ਮੋਟਰ ਦੇ ਨਾਲ ਲੱਗਦੇ ਖੇਤ ਦੀ ਵੱਟ ਲਿਫਾਫਾ ਫਟਿਆ ਹੋਇਆ ਪਿਆ ਹੈ। ਇੰਸਪੈਕਟਰ ਗੁਰਪ੍ਰੀਤ ਸਿੰਘ ਨੇ ਬਲਵੰਤ ਸਿੰਘ ਦੇ ਖੇਤ ਵਿਚੋਂ ਕਾਲੇ ਰੰਗ ਦੇ ਫਟੇ ਹੋਏ ਲਿਫਾਫੇ ਵਿੱਚੋਂ 5 ਪੈਕਟ ਬਰਾਮਦ ਕੀਤੇ। ਲਿਫਾਫੇ ’ਚ ਤਰਲ ਪਦਾਰਥ ਮੌਜੂਦ ਸੀ। ਪੈਕਟਾਂ ਨੂੰ ਖੋਲ ਕੇ ਚੈੱਕ ਕੀਤਾ ਗਿਆ ਤਾਂ ਉਨ੍ਹਾਂ ਵਿੱਚੋ ਹੈਰੋਇਨ ਬਰਾਮਦ ਹੋਈ, ਜਿਸ ਦਾ ਵਜ਼ਨ 3 ਕਿੱਲੋ 500 ਗ੍ਰਾਮ ਸੀ।

ਮੀਡੀਆ ’ਚ ਚਰਚਾ; ਟਰਾਇਲ ਬੇਸ ’ਤੇ ਆਇਆ ਸੀ ਡ੍ਰੋਨ

ਬੀਐੱਸਐੱਫ ਵੱਲੋਂ ਸਰਹੱਦੀ ਪਿੰਡਾਂ ਦੇ ਲੋਕਾਂ ਨੂੰ ਡ੍ਰੋਨ ਸਬੰਧੀ ਜਾਗਰੂਕ ਕਰਨ ਵਾਲੀ ਰਾਤ ਨੂੰ ਹੀ ਡ੍ਰੋਨ ਦੇ ਬਾਰਡਰ ਲੰਘ ਆਉਣ ਸਬੰਧੀ ਮੀਡੀਆ ਕਰਮੀਆਂ ਵਿਚ ਕਈ ਤਰ੍ਹਾਂ ਦੀ ਚਰਚਾ ਚੱਲਦੀ ਰਹੀ। ਇਸ ਦੌਰਾਨ ਹਾਸੇ-ਠੱਠੇ ਵਿਚ ਕੁਝ ਮੀਡੀਆ ਕਰਮੀ ਇਹ ਕਹਿੰਦੇ ਵੀ ਸੁਣੇ ਗਏ ਕਿ ਲੱਗਦਾ ਹੈ ਪਾਕਿਸਤਾਨੀ ਡ੍ਰੋਨ ਟਰਾਇਲ ਬੇਸ ’ਤੇ ਹੀ ਭਾਰਤ ਵਿਚ ਆਇਆ ਸੀ। ਮੀਡੀਆ ਵਿਚ ਇਹ ਵੀ ਚਰਚਾ ਸੀ ਕਿ ਆਮ ਤੌਰ ’ਤੇ ਪਾਕਿਸਤਾਨ ਤੋਂ ਆਉਣ ਵਾਲੇ ਡ੍ਰੋਨ ਹਥਿਆਰਾਂ ਦੀ ਸਮੱਗÇਲੰਗ ਲਈ ਹੀ ਭੇਜੇ ਜਾਂਦੇ ਹਨ ਪਰ ਇਸ ਡ੍ਰੋਨ ਵਿਚ ਮਹਿਜ਼ ਸਾਢੇ ਤਿੰਨ ਕਿੱਲੋ ਹੈਰੋਇਨ ਦਾ ਹੀ ਆਉਣਾ ਬੜਾ ਹੈਰਾਨ ਕਰ ਰਿਹਾ ਹੈ।

Posted By: Jagjit Singh