ਪਰਮਿੰਦਰ ਸਿੰਘ ਥਿੰਦ, ਫਿਰੋਜ਼ਪੁਰ: ਇਨਸਾਨਾਂ ਤੋਂ ਲੈ ਕੇ ਪੰਛੀਆਂ ਅਤੇ ਜਾਨਵਰਾਂ ਤੱਕ ਦੀ ਮੌਤ ਦਾ ਕਾਰਨ ਬਣ ਰਹੀ 'ਡਰੈਗਨ ਡੋਰ' ਪਾਬੰਦੀ ਦੇ ਬਾਵਜੂਦ ਸ਼ਰੇਅਾਮ ਬਾਜ਼ਾਰਾਂ ਵਿੱਚ ਵਿਕ ਰਹੀ ਹੈ । ਜੇ ਗੱਲ ਪਾਬੰਦੀ ਦੀ ਕਰੀਏ ਤਾਂ ਸਮੇਂ-ਸਮੇਂ 'ਤੇ ਉੱਚ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਇਸ 'ਤੇ ਪਾਬੰਦੀ ਦੇ ਹੁਕਮ ਤਾਂ ਜਾਰੀ ਕਰ ਦਿੱਤੇ ਜਾਂਦੇ ਹਨ ਪਰ ਉੱਚ ਸਿਆਸੀ ਦਬਾਅ ਦੇ ਕਾਰਨ ਕਾਨੂੰਨੀ ਕਾਰਵਾਈ ਵੀ ਸਿਰਫ ਅੱਥਰੂ ਪੂੰਝ ਕਾਰਵਾਈ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੀ ਹੈ। ਡ੍ਰੈਗਨ ਡੋਰ ਦੇ ਇਹ ਵਪਾਰੀ ਇਸ ਗੱਲ ਤੋਂ ਵੀ ਬੇਪਰਵਾਹ ਹਨ ਕਿ ਇਹ ਚਾਈਨਾ ਡੋਰ ਇਨ੍ਹਾਂ ਦੇ ਕਿਸੇ ਆਪਣੇ ਦੇ ਕਤਲ ਦਾ ਕਾਰਨ ਵੀ ਬਣ ਸਕਦੀ ਹੈ ।

ਉਧਰ ਸਮੇਂ ਸਮੇਂ ਤੇ ਮੀਡੀਆ ਵੱਲੋਂ ਦੁਹਾਈ ਪਾਉਣ ਤੇ ਪੁਲਿਸ ਵੀ ਗੋਂਗਲੂਅਾਂ ਤੋਂ ਮਿੱਟੀ ਝਾੜਨ ਦੀ ਕਾਰਵਾਈ ਕਰਦਿਆਂ ਕੋਈ ਦੋ ਚਾਰ ਦਰਜਨਾਂ ਚਾਈਨਾ ਡੋਰ ਦੇ ਗੱਟੂ ਬਰਾਮਦ ਕਰ ਕੇ ਅਾਪਣੇ ਅਾਪ ਨੂੰ ਜ਼ਿਮੇਵਾਰੀ ਤੋਂ ਫਾਰਗ ਕਰ ਲੈਂਦੀ ਹੈ। ਅਜਿਹੇ ਹੀ ਇਕ ਮਾਮਲੇ ਚ ਕਾਰਵਾਈ ਕਰਦਿਆਂ ਸਿਟੀ ਪੁਲਿਸ ਵਲੋਂ ਹੀਰਾ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਛਾਪੇਮਾਰੀ ਦੌਰਾਨ 48 ਗੱਟੂ ਚੀਨੀ ਡੋਰ ਬਰਾਮਦ ਹੋਣ ਦੀ ਗੱਲ ਕੀਤੀ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਏਐਸਆਈ ਮੇਜਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਪੁਲਿਸ ਪਾਰਟੀ ਸਮੇਤ ਬੀਤੀ ਦੇਰ ਸ਼ਾਮ ਚੈਕਿੰਗ ਦੇ ਸਬੰਧ ਵਿਚ ਮੱਖੂ ਗੇਟ ਆਦਿ ਨੂੰ ਜਾ ਰਹੇ ਸੀ ਤਾਂ ਉਨ੍ਹਾਂ ਦੀ ਪੁਲਿਸ ਪਾਰਟੀ ਨੂੰ ਕਿਸੇ ਖ਼ਬਰੀ ਨੇ ਸੂਚਨਾ ਦਿੱਤੀ ਕਿ ਹੀਰਾ ਮੰਡੀ ਵਿਖੇ ਨਿਤਿਨ ਕੁਮਾਰ ਨਾਂਅ ਦੇ ਵਿਅਕਤੀ ਨੇ ਕਿਰਾਏ 'ਤੇ ਮਕਾਨ ਲਿਆ ਹੋਇਆ ਹੈ ਅਤੇ ਪਾਬੰਦੀਸ਼ੁਦਾ ਚਾਈਨਾ ਡੋਰ ਵੇਚਣ ਦਾ ਧੰਦਾ ਕਰਦਾ ਹੈ ।

ਖ਼ਬਰੀ ਮੁਤਾਬਕ ਨਿਤਿਨ ਕੋਲ ਇਸ ਵਕਤ ਵੀ ਕਾਫੀ ਮਾਤਰਾ ਵਿਚ ਪਾਬੰਦੀਸ਼ੁਦਾ ਡੋਰ ਰੱਖੀ ਹੋਈ ਹੈ। ਪੁਲਿਸ ਨੇ ਦੱਸਿਆ ਕਿ ਮੁਖਬਰ ਤੋਂ ਸੂਚਨਾ ਮਿਲਦਿਅਾਂ ਸਾਰ ਹੀ ਜਦੋਂ ਉਕਤ ਜਗ੍ਹਾ 'ਤੇ ਛਾਪੇਮਾਰੀ ਕੀਤੀ ਗਈ ਤਾਂ ਉਥੋਂ 48 ਗੱਟੂ ਚਾਈਨਾ ਡੋਰ ਦੇ ਬਰਾਮਦ ਹੋਏ, ਜਦੋਂਕਿ ਮੁਲਜ਼ਮ ਭੱਜਣ ਵਿਚ ਸਫਲ ਹੋ ਗਿਆ। ਪੁਲਿਸ ਨੇ ਦੱਸਿਆ ਕਿ ਨਿਤਿਨ ਕੁਮਾਰ ਪੁੱਤਰ ਵਿਜੈ ਕੁਮਾਰ ਵਾਸੀ ਆਰੀਆ ਸਮਾਜ ਚੌਂਕ ਫਿਰੋਜ਼ਪੁਰ ਸ਼ਹਿਰ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਗਈ ਹੈ।

Posted By: Amita Verma