ਸੁਖਵਿੰਦਰ ਥਿੰਦ ਆਲਮਸ਼ਾਹ, ਫਾਜ਼ਿਲਕਾ : ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵਿਭਾਗ ਦੇ ਆਧੁਨਿਕ ਸੰਦਾਂ ਦੀ ਵਰਤੋਂ ਕਰਕੇ ਮਿੱਟੀ 'ਚ ਰਲਾ ਕੇ ਸਿਧੀ ਅਗਲੇਰੀ ਫਸਲ ਦੀ ਬਿਜਾਈ ਕਰਕੇ ਫਸਲ ਦਾ ਝਾੜ ਤਾਂ ਵਧ ਪ੍ਰਾਪਤ ਕੀਤਾ ਜਾ ਹੀ ਸਕਦਾ ਹੈ ਇਸ ਦੇ ਨਾਲ-ਨਾਲ ਵਾਤਾਵਰਣ ਨੂੰ ਸਾਫ-ਸੁਥਰਾ ਰੱਖਣ 'ਚ ਵੀ ਆਪਣਾ ਯੋਗਦਾਨ ਪਾਇਆ ਜਾ ਸਕਦਾ ਹੈ। ਇਹ ਜਾਣਕਾਰੀ ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫ਼ਸਰ ਡਾ. ਮਨਜੀਤ ਸਿੰਘ ਨੇ ਦਿੱਤੀ।

ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਲਗਾਏ ਜਾਂਦੇ ਕਿਸਾਨ ਸਿਖਲਾਈ ਕੈਂਪਾਂ ਨੂੰ ਬੂਰ ਪੈਣ ਲੱਗ ਪਿਆ ਹੈ। ਜਾਗਰੂਕਤਾ ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਕਿਸਾਨ ਪਰਾਲੀ ਸਾੜਨ ਦੀ ਬਜਾਏ ਇਸ ਦਾ ਵਾਤਾਵਰਨ ਪੱਖੀ ਨਿਬੇੜਾ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਪਰਾਲੀ ਨੂੰ ਅੱਗ ਨਾ ਲਗਾ ਕੇ ਹੈਪੀ ਸੀਡਰ ਨਾਲ ਕਣਕ ਦੀ ਸਿੱਧੀ ਬਿਜਾਈ ਕਰਨ ਵਾਲਾ ਪਿੰਡ ਬੁਰਜ ਮੁਹਾਰ ਦਾ ਅਗਾਂਹਵਧੂ ਕਿਸਾਨ ਹਰਪ੍ਰੀਤ ਸਿੰਘ ਜ਼ਿਲ੍ਹੇ ਦੇ ਹੋਰਨਾਂ ਕਿਸਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ।

ਅਗਾਂਹਵਧੂ ਕਿਸਾਨ ਨੇ ਕਿਹਾ ਕਿ ਉਹ ਦਸਵੀਂ ਪਾਸ ਹੈ ਤੇ 30 ਏਕੜ ਤੋਂ ਵਧੇਰੇ ਜ਼ਮੀਨ ਅੰਦਰ ਖੇਤੀ ਕਰਦਾ ਹੈ। ਉਸਨੇ ਦੱਸਿਆ ਕਿ ਖੇਤੀਬਾੜੀ ਵਿਭਾਗ ਵੱਲੋਂ ਲਗਾਏ ਜਾਂਦੇ ਜਾਗਰੂਕਤਾ ਕੈਂਪਾਂ ਤੋਂ ਪ੍ਰਭਾਵਿਤ ਹੋ ਕੇ ਉਸ ਵੱਲੋਂ ਪਿਛਲੇ 5 ਸਾਲਾਂ ਤੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ।

ਉਸਨੇ ਦੱਸਿਆ ਕਿ ਪਰਾਲੀ ਨੂੰ ਮਲਚਰ ਨਾਲ ਵਾਹ ਕੇ ਹੈਪੀ ਸੀਡਰ ਨਾਲ ਕਣਕ ਦੀ ਬਿਜਾਈ ਕੀਤੀ ਸੀ, ਜਿਸ ਨਾਲ ਉਸਨੂੰ ਫ਼ਸਲ ਦਾ ਵਧ ਝਾੜ ਪ੍ਰਾਪਤ ਹੋਇਆ ਹੈ। ਉਸਨੂੰ ਫ਼ਸਲ ਦਾ 21 ਕੁਇੰਟਲ ਝਾੜ ਪ੍ਰਾਪਤ ਹੋਇਆ ਜੋ ਕਿ ਔਸਤਨ 20.4 ਕੁਇੰਟਲ ਪ੍ਰਤੀ ਏਕੜ ਰਹਿੰਦਾ ਸੀ।

ਕਿਸਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਰਾਲੀ ਨੂੰ ਅੱਗ ਲਗਾਉਣ ਨਾਲ ਵਾਤਾਵਰਣ ਤਾਂ ਗੰਧਲਾ ਹੁੰਦਾ ਹੈ ਮਨੁੱਖੀ ਸਿਹਤ 'ਤੇ ਵੀ ਮਾੜਾ ਅਸਰ ਪੈਂਦਾ ਹੈ। ਪਰਾਲੀ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ ਤੇ ਮਿੱਤਰ ਕੀੜੇ ਵੀ ਮਰ ਜਾਂਦੇ ਹਨ।

ਕਿਸਾਨ ਨੇ ਦੱਸਿਆ ਕਿ ਸਮੇਂ-ਸਮੇਂ 'ਤੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਨਾਲ ਰਾਬਤਾ ਕਰਦਾ ਰਹਿੰਦਾ ਹੈ, ਜਿਸ ਨਾਲ ਉਹ ਬੇਲੋੜ ਖਰਚੇ ਕਰਨ ਤੋਂ ਬਚ ਗਿਆ ਤੇ ਫ਼ਸਲ ਦਾ ਝਾੜ ਵੱਧ ਪ੍ਰਰਾਪਤ ਕਰਨ 'ਚ ਕਾਮਯਾਬ ਹੋਇਆ।

ਉਸਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਬਜਾਏ ਵੱਖ-ਵੱਖ ਆਧੁਨਿਕ ਖੇਤੀਬਾੜੀ ਸੰਦਾਂ ਦੀ ਵਰਤੋਂ ਨਾਲ ਜ਼ਮੀਨ ਅੰਦਰ ਵਾਹੁਣਾ ਚਾਹੀਦਾ ਹੈ। ਉਸਨੇ ਦੱਸਿਆ ਕਿ ਆਉਣ ਵਾਲੀ ਪੀੜ੍ਹੀ ਨੂੰ ਪ੍ਰਦੂਸ਼ਣ ਰਹਿਤ ਅਤੇ ਬਿਮਾਰੀਆਂ ਮੁਕਤ ਮਾਹੌਲ ਮੁਹੱਈਆ ਕਰਵਾਉਣ ਲਈ ਪਰਾਲੀ ਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਤੋਂ ਪਰਹੇਜ਼ ਕਰਨਾ ਸਮੇਂ ਦੀ ਮੁੱਖ ਲੋੜ ਹੈ।