ਸੰਜੀਵ ਮਦਾਨ/ਭੁਪਿੰਦਰ ਨਰੂਲਾ ਲੱਖੋ ਕੇ ਬਹਿਰਾਮ/ਮਮਦੋਟ : ਨਜ਼ਦੀਕੀ ਪਿੰਡ ਚੱਕ ਜਮੀਤ ਸਿੰਘ ਵਾਲਾ ਵਿਖੇ ਵਿਆਹ ਵਿਚ ਮਿਲੀ ਕਾਰ ਵਿੱਚ ਨੁਕਸ ਅਤੇ ਰੀਪੇਂਟ ਕਰਕੇ ਵੇਚਣ ਸਬੰਧੀ ਧੋਖਾਧੜੀ ਕਰਨ ਦੇ ਦੋਸ਼ 'ਚ ਥਾਣਾ ਲੱਖੋ ਕੇ ਬਹਿਰਾਮ ਦੀ ਪੁਲਿਸ ਨੇ ਹਿਸਾਰ (ਹਰਿਆਣਾ) ਸਥਿਤ ਕਾਰ ਸ਼ੋਅਰੂਮ ਦੇ ਮੈਨੇਜਿੰਗ ਡਾਇਰੈਕਟਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ।

ਥਾਣਾ ਲੱਖੋ ਕੇ ਬਹਿਰਾਮ ਵਿਖੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਵਿਆਹੁਤਾ ਰਵਨੀਤ ਕੌਰ ਪਤਨੀ ਗੁਰਸਾਹਿਬ ਸਿੰਘ ਵਾਸੀ ਚੱਕ ਜਮੀਤ ਸਿੰਘ ਵਾਲਾ ਨੇ ਦੱਸਿਆ ਕਿ ਮਿਤੀ 21 ਨਵੰਬਰ 2020 ਨੂੰ ਉਹਨਾਂ ਵੱਲੋਂ ਸਿਰਸਾ (ਹਰਿਆਣਾ) ਸਥਿਤ ਕਾਰ ਡੀਲਰ ਮਾਲਿਕ ਟਿਯੋਟਾ, ਨੇੜੇ ਮਹਾਰਾਜਾ ਪੈਲੇਸ ਡੱਬਵਾਲੀ ਰੋਡ, ਪਾਸੋਂ 32 ਲੱਖ ਰੁਪਏ ਤੋਂ ਵੱਧ ਦੀ ਰਕਮ ਭਰ ਕੇ ਫਾਰਚਿਊਨਰ ਸਿਗਮਾ -4 ਗੱਡੀ ਖ਼ਰੀਦੀ ਗਈ ਸੀ ਪ੍ਰੰਤੂ ਉਕਤ ਕਾਰ ਡੀਲਰ ਨੇ ਮਿਲੀਭੁਗਤ ਰਾਹੀਂ ਦੁਬਾਰਾ ਪੇਂਟ ਕੀਤੀ ਹੋਈ ਅਤੇ ਨੁਕਸਦਾਰ ਗੱਡੀ ਵੇਚੀ ਹੈ। ਉਨ੍ਹਾਂ ਦੱਸਿਆ ਕਿ ਨਵੀਂ ਗੱਡੀ ਦੀ ਕੀਮਤ ਵਸੂਲ ਕਰਕੇ ਉਕਤ ਗੱਡੀ ਦੇਣ ਸਬੰਧੀ ਧੋਖਾਧੜੀ ਕੀਤੀ ਹੈ।

ਉੱਧਰ ਮਾਮਲੇ ਦੀ ਜਾਂਚ ਕਰ ਰਹੇ ਏ ਐੱਸ ਆਈ ਕਰਮ ਸਿੰਘ ਨੇ ਦੱਸਿਆ ਕਿ ਉਕਤ ਕਾਰ ਫਰਮ ਦੇ ਮੈਨੇਜਿੰਗ ਡਾਇਰੈਕਟਰ/ਚੇਅਰਮੈਨ ਅਕਸ਼ੈ ਮਲਿਕ ਮਾਰਫ਼ਤ ਮਲਿਕ ਆਟੋਵਰਕਸ ਪ੍ਰ: ਲਿ:, ਬਰਵਾਲਾ ਰੋਡ ਹਿਸਾਰ ਹਰਿਆਣਾ ਖ਼ਿਲਾਫ਼ ਧੋਖਾਧੜੀ ਕਰਨ ਦੇ ਦੋਸ਼ ਚ ਧਾਰਾ 420/120-ਬੀ ਦੇ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ।

Posted By: Tejinder Thind